ਫਰਵਰੀ ਮਹੀਨੇ ਦੇ ਪਹਿਲੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਵੇਖਣ ਨੂੰ ਮਿਲੀ। ਇਸ ਧੁੰਦ ਕਾਰਨ ਮੁਕਤਸਰ ਜ਼ਿਲੇ ‘ਚ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਜਣਿਆਂ ਦੀ ਜਾਨ ਚਲੀ ਗਈ। ਇਹ ਹਾਦਸਾ ਪਿੰਡ ਹਰੀਕੇ ਕਲਾਂ ਨੇੜੇ ਵਾਪਰਿਆ, ਜਿੱਥੇ ਕਾਰ ਬੇਕਾਬੂ ਹੋ ਕੇ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ, ਜਿਸ ਵਿਚ ਗੱਡੀ ਵਿਚ ਬੈਠੇ ਜੀਜਾ ਸਾਲੇ ਦੀ ਮੌਤ ਹੋ ਗਈ।
ਘਟਨਾ ਉਸ ਸਮੇਂ ਵਾਪਰੀ ਜਦੋਂ ਤਰਸੇਮ ਕੁਮਾਰ (ਵਾਸੀ ਮਰਾੜ ਕਲਾਂ) ਆਪਣੇ ਜੀਜਾ ਵਿਜੇ ਕੁਮਾਰ ਨੂੰ ਆਪਣੇ ਪਿੰਡ ਹਰੀਕੇ ਕਲਾਂ ਛੱਡਣ ਜਾ ਰਿਹਾ ਸੀ। ਸੰਘਣੀ ਧੁੰਦ ਕਾਰਨ ਹਰੀਕੇ ਕਲਾਂ ਲਿੰਕ ਰੋਡ ‘ਤੇ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ (ਪੀਬੀ 30 ਡੀ 0733) ਬੇਕਾਬੂ ਹੋ ਕੇ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸੜਕ ‘ਤੇ ਧੁੰਦ ਦੇ ਖ਼ਤਰਿਆਂ ਨੂੰ ਉਜਾਗਰ ਕਰਦੀ ਹੈ ਅਤੇ ਅਜਿਹੇ ਮੌਸਮ ਵਿੱਚ ਗੱਡੀ ਚਲਾਉਣ ਵੇਲੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ‘ਤੇ ਜ਼ੋਰ ਦਿੰਦੀ ਹੈ।
ਇਹ ਵੀ ਪੜ੍ਹੋ : 1994 ਬੈਚ ਦੇ IFS ਟੌਪਰ ਧਰਮਿੰਦਰ ਸ਼ਰਮਾ ਬਣੇ ਪ੍ਰਧਾਨ ਮੁੱਖ ਜੰਗਲਾਤ ਕੰਜ਼ਰਵੇਟਰ, ਈਕੋ ਟੂਰਿਜ਼ਮ ਨੂੰ ਦੇਣਗੇ ਹੁਲਾਰਾ
ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਵੀ ਧੁੰਦ ਕਾਰਨ ਵਾਪਰਿਆ ਹਾਦਸਾ
ਦੱਸ ਦੇਈਏ ਕਿ ਸੰਘਣੀ ਧੁੰਦ ਕਾਰਨ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਵੀ ਦੋ ਸੜਕ ਹਾਦਸਿਆਂ ਵਿਚ 2 ਜਣਿਆਂ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ, ਜਦੋਂ ਕਿ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਸ਼ਹਿਰ ਦੇ ਤਿੰਨ ਨੌਜਵਾਨ ਵੰਸ਼ ਬਾਂਸਲ, ਰਿੰਕੂ ਕੁਮਾਰ ਅਤੇ ਵੰਸ਼ ਵਧਵਾ ਸਵਿਫਟ ਕਾਰ ਵਿੱਚ ਬਠਿੰਡਾ ਵੱਲ ਆ ਰਹੇ ਸਨ। ਜਦੋਂ ਉਹ ਲਹਿਰਾ ਮੁਹੱਬਤ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾ ਗਈ। ਸ਼ੁੱਕਰਵਾਰ ਅੱਧੀ ਰਾਤ ਨੂੰ ਹੋਏ ਇਸ ਸੜਕ ਹਾਦਸੇ ‘ਚ ਵੰਸ਼ ਬਾਂਸਲ ਦੀ ਮੌਤ ਹੋ ਗਈ, ਜਦਕਿ ਰਿੰਕੂ ਕੁਮਾਰ ਅਤੇ ਵੰਸ਼ ਵਧਵਾ ਗੰਭੀਰ ਜ਼ਖਮੀ ਹੋ ਗਏ।
ਯੂਥ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਬੜੀ ਮੁਸ਼ਕਲ ਨਾਲ ਤਿੰਨਾਂ ਨੌਜਵਾਨਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਆਦੇਸ਼ ਹਸਪਤਾਲ ‘ਚ ਦਾਖਲ ਕਰਵਾਇਆ। ਜ਼ਖ਼ਮੀਆਂ ਵਿੱਚ ਵੰਸ਼ ਵਧਵਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਵੰਸ਼ ਵਧਵਾ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਉਹ ਆਪਣੇ ਦੋਸਤਾਂ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਬਠਿੰਡਾ ਆ ਰਿਹਾ ਸੀ। ਇਹ ਸੜਕ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਕਾਰ ਚਾਲਕਾਂ ਨੇ ਸੜਕ ਕਿਨਾਰੇ ਖੜ੍ਹੇ ਟਰਾਲੇ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਭਿਆਨਕ ਟੱਕਰ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
