chandigarh coronavirus sdm office: ਚੰਡੀਗੜ੍ਹ ‘ਚ ਕੋਰੋਨਾ ਦਾ ਕਹਿਰ ਆਮ ਜਨਤਾ ਦੇ ਨਾਲ ਅਧਿਕਾਰੀਆਂ ‘ਤੇ ਵੀ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇੱਥੇ ਉਦਯੋਗਿਕ ਖੇਤਰ ਸਥਿਤ ਐੱਸ.ਡੀ.ਐੱਮ (ਈਸਟ) ਦਫਤਰ ਕੋਰੋਨਾ ਨੇ ਦਸਤਕ ਦਿੱਤੀ ਹੈ। ਦਫਤਰ ‘ਚ ਸੁਪਰਡੈਂਟ ਸਮੇਤ 5 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ ਹੈ ਹਾਲਾਂਕਿ ਐੱਸ.ਡੀ.ਐੱਮ ਸੁਧਾਸ਼ੂ ਗੌਤਮ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਐੱਸ.ਡੀ.ਐੱਮ ਦਫਤਰ 2 ਦਿਨਾਂ ਦੇ ਲਈ ਸੀਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਚੰਡੀਗੜ੍ਹ ‘ਚ ਰਿਕਾਰਡ ਤੋੜ ਕੋਰੋਨਾ ਦੇ 114 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਸ਼ਹਿਰ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2216 ਤੱਕ ਪਹੁੰਚ ਗਈ ਹੈ। ਮਾਮਲਿਆਂ ਦੀ ਵੱਧਦੀ ਗਿਣਤੀ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਚਿੰਤਾ ਪੈਦਾ ਕਰ ਦਿੱਤੀ ਹੈ। ਸ਼ਹਿਰ ‘ਚ ਹੁਣ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ 1001 ਤੱਕ ਪਹੁੰਚ ਗਈ ਹੈ। ਇੱਥੇ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1183 ਤੱਕ ਪਹੁੰਚ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਲਈ ਪੀ.ਜੀ.ਆਈ ‘ਚ ਬੈੱਡਾਂ ਦੀ ਗਿਣਤੀ ਵਧਾ ਕੇ ਮਹਾਮਾਰੀ ਨਾਲ ਨਜਿੱਠਣ ਲਈ ਅਹਿਮ ਕੰਮ ਕੀਤਾ ਗਿਆ ਹੈ। ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਦੇ ਆਦੇਸ਼ਾਂ ‘ਤੇ ਪੀ.ਜੀ. ਆਈ ‘ਚ 110 ਬੈੱਡ ਵਧਾਏ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਕੁਝ ਦਿਨਾਂ ਦੌਰਾਨ ਪੀ.ਜੀ.ਆਈ ਕੋਵਿਡ-19 ਨਹਿਰੂ ਹਸਪਤਾਲ ਐਕਸਟੈਂਸ਼ਨ ‘ਚ ਮੌਜੂਦਾ ਸਮੇਂ ਦੌਰਾਨ 200 ਬੈੱਡ ਤੋਂ ਵਧਾ ਕੇ 310 ਬੈੱਡ ਕੋਰੋਨਾ ਮਰੀਜ਼ਾਂ ਲਈ ਉਪਲੱਬਧ ਹੋਣਗੇ। ਹਾਲਾਂਕਿ ਹੁਣ ਪੀ.ਜੀ.ਆਈ ‘ਚ 30 ਬੈੱਡ ਹੀ ਤਿਆਰ ਕੀਤੇ ਗਏ ਹਨ ਅਤੇ 80 ਬੈੱਡ ਤਿਆਰ ਕਰਨੇ ਬਾਕੀ ਹਨ।