ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਕਾਰਨ ਹੋਈ ਫਜ਼ੀਹਤ ਤੋਂ ਨਾਰਾਜ਼ ਕਾਂਗਰਸ ਹਾਈਕਮਾਨ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਪਾਰਟੀ ਹੁਣ ਸਾਬਕਾ ਕ੍ਰਿਕਟਰ ਦੇ ਨਖ਼ਰੇ ਨਹੀਂ ਚੁੱਕੇਗੀ। ਸਿੱਧੂ ਅਸਤੀਫ਼ਾ ਵਾਪਸ ਲੈਣ ਦੀਆਂ ਸ਼ਰਤਾਂ ’ਤੇ ਅੜੇ ਹੋਏ ਹਨ ਤਾਂ ਕਾਂਗਰਸ ਪੰਜਾਬ ’ਚ ਨਵਾਂ ਪ੍ਰਧਾਨ ਨਿਯੁਕਤ ਕਰੇਗੀ। ਸਿੱਧੂ ’ਤੇ ਸਿਆਸੀ ਦਬਾਅ ਬਣਾਉਣ ਲਈ ਕਾਂਗਰਸ ਲੀਡਰਸ਼ਿਪ ਨੇ ਨਵੇਂ ਪ੍ਰਦੇਸ਼ ਪ੍ਰਧਾਨ ਦੇ ਬਦਲਵੇਂ ਨਾਵਾਂ ’ਤੇ ਗੌਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਬਾਅ ਤੋਂ ਬਾਅਦ ਹਾਈਕਮਾਨ ਨੇ ਸਿੱਧੂੁ ਨੂੰ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਪੰਜਾਬ ’ਚ ਪਾਰਟੀ ਨੂੰ ਅਰਾਜਕ ਸਥਿਤੀ ’ਚ ਪਹੁੰਚਾਉਣ ਦੀ ਉਨ੍ਹਾਂ ਦੀ ਤਾਜ਼ਾ ਕੋਸ਼ਿਸ਼ ਤੋਂ ਬਾਅਦ ਹਾਈਕਮਾਨ ਸੁਲਾਹ ਸਫ਼ਾਈ ਦਾ ਸੰਵਾਦ ਨਹੀਂ ਕਰੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪੰਜਾਬ ਕਾਂਗਰਸ ਦੇ ਆਗੂ ਹੀ ਸਿੱਧੂ ਨਾਲ ਸੁਲਾਹ ਦੀ ਗੱਲ ਕਰਨਗੇ। ਪਾਰਟੀ ਸੂਤਰਾਂ ਦੇ ਮੁਤਾਬਕ ਕਾਂਗਰਸ ਹਾਈਕਮਾਨ ਸਿੱਧੂ ਦੇ ਕਦਮ ਤੇ ਵਿਵਹਾਰ ਤੋਂ ਬਹੁਤ ਦੁਖੀ ਹੈ। ਆਪਣੇ ਅਸਤੀਫ਼ੇ ਤੋਂ ਪਹਿਲਾਂ ਉਨ੍ਹਾਂ ਨੇ ਲੀਡਰਸ਼ਿਪ ਨਾਲ ਕੋਈ ਚਰਚਾ ਨਹੀਂ ਕੀਤੀ। ਸਿੱਧੂ ਦੇ ਇਸ ਕਦਮ ਨਾਲ ਪੰਜਾਬ ਕਾਂਗਰਸ ’ਚ ਮੁਸ਼ਕਲ ਨਾਲ ਰੁਕੀ ਖਿੱਚੋਤਾਣ ਇਕ ਵਾਰੀ ਮੁੜ ਨਾਜ਼ੁਕ ਦੌਰ ’ਚ ਪਹੁੰਚ ਗਈ ਹੈ। ਸਿੱਧੂ ਦੇ ਦਬਾਅ ’ਚ ਅਮਰਿੰਦਰ ਸਿੰਘ ਦੀ ਬਲੀ ਲੈਣ ਦੇ ਕਾਰਨ ਕਾਂਗਰਸ ਦੀ ਪ੍ਰਮੁੱਖ ਲੀਡਰਸ਼ਿਪ ਆਪਣੇ ਸੀਨੀਅਰ ਆਗੂਆਂ ਦੇ ਨਿਸ਼ਾਨੇ ’ਤੇ ਆ ਗਈ ਹੈ।
ਸਿੱਧੂ ਦੇ ਇਸ ਰੁਖ਼ ਨਾਲ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੀ ਨਹੀਂ ਬਲਕਿ ਉਨ੍ਹਾਂ ਦੇ ਸਮਰਥਨ ’ਚ ਸਿਆਸੀ ਬੈਟਿੰਗ ਕਰਨ ਵਾਲੀ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਬਹੁਤ ਹੈਰਾਨ ਤੇ ਦੁਖੀ ਹਨ। ਹਾਈਕਮਾਨ ਦੀ ਨਾਰਾਜ਼ਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਮਿਲਦਾ ਹੈ ਕਿ ਪੰਜਾਬ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ ਨੂੰ ਇਸ ਵਾਰੀ ਚੰਡੀਗੜ੍ਹ ਜਾ ਕੇ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਤੋਂ ਰੋਕ ਦਿੱਤਾ ਗਿਆ ਹੈ। ਹਾਈਕਮਾਨ ਨੇ ਮੁੱਖ ਮੰਤਰੀ ਚੰਨੀ ਦੇ ਇਸ ਬਿਆਨ ਜ਼ਰੀਏ ਸਿੱਧੂ ਨੂੰ ਸੰਦੇਸ਼ ਵੀ ਦੇ ਦਿੱਤਾ ਕਿ ਪਾਰਟੀ, ਹਮੇਸ਼ਾ ਵਿਅਕਤੀ ਤੋਂ ਵੱਡੀ ਹੁੰਦੀ ਹੈ। ਕਾਂਗਰਸ ਲੀਡਰਸ਼ਿਪ ਦਾ ਸੰਦੇਸ਼ ਸਿੱਧੂ ਲਈ ਸਾਫ਼ ਹੈ ਕਿ ਆਪਸੀ ਸੰਵਾਦ ਨਾਲ ਛੋਟੀਆਂ ਮੋਟੀਆਂ ਸ਼ਿਕਾਇਤਾਂ ਦਾ ਹੱਲ ਕੱਢਣ ਲਈ ਉਹ ਤਿਆਰ ਹਨ ਤਾਂ ਅਸਤੀਫ਼ਾ ਵਾਪਸ ਲੈਣ ਦੀ ਪਹਿਲ ਉਨ੍ਹਾਂ ਨੂੰ ਕਰਨੀ ਪਵੇਗੀ।
ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਲਗਾਤਾਰ ਦੂਜੇ ਦਿਨ ਸਿੱਧੂ ਦੇ ਅਸਤੀਫ਼ੇ ’ਤੇ ਕਿਹਾ, ‘ਪੰਜਾਬ ਦੇ ਸੰਸਦ ਮੈਂਬਰ ਵਜੋਂ ਸੂਬੇ ’ਚ ਹੋਣ ਵਾਲੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਾਂ। ਪੰਜਾਬ ’ਚ ਸ਼ਾਂਤੀ ਬੜੀ ਮੁਸ਼ਕਲ ਨਾਲ ਆਈ ਹੈ। ਸੂਬੇ ’ਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਸਿਰਫ਼ ਪਾਕਿਸਤਾਨ ਖ਼ੁਸ਼ ਹੈ।’ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸਖ਼ਤ ਲਫਜ਼ਾਂ ’ਚ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ, ‘ਸਿੱਧੂ ਨੂੰ ਜੇਕਰ ਕਿਸੇ ਫ਼ੈਸਲੇ ਤੋਂ ਦਿੱਕਤ ਸੀ, ਤਾਂ ਉਨ੍ਹਾਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਸੀ। ਇਸ ਤਰ੍ਹਾਂ ਅਹੁਦਾ ਛੱਡ ਕੇ ਭੱਜਣਾ ਨਹੀਂ ਚਾਹੀਦਾ ਸੀ।
ਕਾਂਗਰਸੀ ਲੀਡਰਸ਼ਿਪ ਨੇ ਸਿੱਧੂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ, ਉਸ ਦਾ ਸਨਮਾਨ ਕਰਨਾ ਚਾਹੀਦਾ ਹੈ।’ ਸਿੱਧੂ ਨੂੰ ਕਦਮ-ਕਦਮ ’ਤੇ ਕਾਂਗਰਸ ਦੀ ਆਗੂ ਪ੍ਰਿਅੰਕਾ ਗਾਂਧੀ ਦਾ ਸਾਥ ਮਿਲਿਆ ਹੈ, ਪਰ ਹੁਣ ਉਨ੍ਹਾਂ ਦੀ ਟੀਮ ਦੇ ਆਗੂਆਂ ਨੇ ਵੀ ਸਿੱਧੂ ਦੇ ਅਸਤੀਫ਼ੇ ਨੂੰ ਹਾਈਕਮਾਨ ਨਾਲ ਧੋਖਾ ਦੱਸਿਆ ਹੈ। ਪਾਰਟੀ ਦੇ ਆਗੂ ਆਚਾਰੀਆ ਪ੍ਰਮੋਦ ਨੇ ਕਿਹਾ, ‘ਪੰਜਾਬ ’ਚ ਪਾਰਟੀ ਦੀ ਸਾਖ਼ ਦਾਅ ’ਤੇ ਲੱਗੀ ਹੈ। ਅਜਿਹੇ ‘ਚ ਸਿੱਧੂ ਦਾ ਅਸਤੀਫ਼ਾ ਪਾਰਟੀ ਹਾਈਕਮਾਨ ਦੇ ਭਰੋਸੇ ਨਾਲ ਇਕ ਵੱਡਾ ਧੋਖਾ ਹੈ।’ ਕਾਂਗਰਸ ਦੇ ਆਬਜ਼ਰਵਰ ਹਰੀਸ਼ ਚੌਧਰੀ ਬੁੱਧਵਾਰ ਸਵੇਰੇ ਚੰਡੀਗਡ਼੍ਹ ਪਹੁੰਚੇ।
ਉਹ ਸਿੱਧੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ’ਤੇ ਚਲੇ ਗਏ ਤੇ ਮੌਜੂਦਾ ਸਥਿਤੀ ’ਤੇ ਚਰਚਾ ਕੀਤੀ। ਚੌਧਰੀ ਨੇ ਵਿਧਾਇਕਾਂ ਦਾ ਮਨ ਵੀ ਟਟੋਲਿਆ। ਸੂਤਰਾਂ ਦੇ ਮੁਤਾਬਕ, ਹੁਣ ਹਾਈਕਮਾਨ ਵੀ ਚੰਨੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਿੱਧੂ ਨਾਲ ਸਿਰਫ਼ ਫੋਨ ’ਤੇ ਚਰਚਾ ਕੀਤੀ। ਉਹ ਵੀ ਉਨ੍ਹਾਂ ਨੂੰ ਮਨਾਉਣ ਲਈ ਪਟਿਆਲਾ ਨਹੀਂ ਗਏ। ਹਾਲਾਂਕਿ, ਦੋ ਮੰਤਰੀ ਤੇ ਅੱਠ ਵਿਧਾਇਕ ਸਿੱਧੂ ਨੂੰ ਮਨਾਉਣ ਗਏ ਸਨ ਪਰ ਉਹ ਨਹੀਂ ਮੰਨੇ।