ਵਿਸ਼ਵ ਪ੍ਰਸਿੱਧ ਹੇਮਕੁੰਟ ਸਾਹਿਬ ਦੇ ਕਪਾਟ ਇਸ ਸਾਲ 25 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਉਤਰਾਖੰਡ ਸਰਕਾਰ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਯਾਤਰਾ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਮੁੱਖ ਸਕੱਤਰ ਰਾਧਾ ਰਤੂੜੀ ਨਾਲ ਮਿਲ ਕੇ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ ਅਤੇ 10 ਅਕਤੂਬਰ ਨੂੰ ਸਮਾਪਤ ਹੋਵੇਗੀ। ਇਸ ਨਾਲ ਸ਼ਰਧਾਲੂਆਂ ਨੂੰ ਪਵਿੱਤਰ ਤੀਰਥ ਅਸਥਾਨ ਦੇ ਦਰਸ਼ਨਾਂ ਲਈ ਕਰੀਬ ਪੰਜ ਮਹੀਨੇ ਦਾ ਸਮਾਂ ਮਿਲੇਗਾ।
ਸ਼ਾਹਬਾਦ ਪੁੱਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਇਹ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਤਾਂ ਨਾਲ ਸ਼ੁਰੂ ਕੀਤੀ ਜਾਵੇਗੀ। ਇਹ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋਵੇਗੀ, ਜਿਸ ਨਾਲ ਸ਼ਰਧਾਲੂਆਂ ਨੂੰ ਪਵਿੱਤਰ ਤੀਰਥ ਅਸਥਾਨ ਦੇ ਦਰਸ਼ਨਾਂ ਲਈ ਲਗਭਗ ਪੰਜ ਮਹੀਨੇ ਦਾ ਸਮਾਂ ਮਿਲੇਗਾ।
ਬਿੰਦਰਾ ਨੇ ਦੱਸਿਆ ਕਿ ਹਰ ਸਾਲ ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ 15 ਹਜ਼ਾਰ 200 ਫੁੱਟ ਦੀ ਉਚਾਈ ‘ਤੇ ਸਥਿਤ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਲਈ ਭਾਰਤੀ ਫੌਜ ਦੇ ਜਵਾਨ ਬਰਫ ਹਟਾਉਣ ਦੀ ਸੇਵਾ ਕਰਦੇ ਹਨ। ਇਸ ਸਾਲ ਵੀ ਭਾਰਤੀ ਫੌਜ ਦੇ ਜਵਾਨ ਅਪਰੈਲ ਵਿੱਚ ਯਾਤਰਾ ਤੋਂ ਪਹਿਲਾਂ ਇਹ ਸੇਵਾ ਸ਼ੁਰੂ ਕਰਨਗੇ।
ਇਹ ਮੰਨਿਆ ਜਾਂਦਾ ਹੈ ਕਿ ਇਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਿਆਨ ਲਾਇਆ ਸੀ ਤੇ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਕੀਤੀ ਸੀ। ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਅਤੇ ਗੁਰੂ ਮਹਾਰਾਜ ਅੱਗੇ ਮੱਥਾ ਟੇਕਣ ਲਈ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ।
ਸੰਗਤਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਗੁਰਦੁਆਰਾ ਟਰੱਸਟ ਵੱਲੋਂ ਮੁੱਖ ਚੌਂਕਾਂ ’ਤੇ ਆਰਾਮ ਲਈ ਕਮਰੇ ਅਤੇ ਹਾਲ ਆਦਿ ਵੀ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 1 ਲੱਖ 83 ਹਜ਼ਾਰ 722 ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਸਨ। ਜਦੋਂ ਕਿ ਇਸ ਤੋਂ ਪਹਿਲਾਂ ਸਾਲ 2023 ਵਿੱਚ ਇੱਕ ਲੱਖ 77 ਹਜ਼ਾਰ 463 ਸ਼ਰਧਾਲੂ ਪੁੱਜੇ ਸਨ।
ਇਹ ਵੀ ਪੜ੍ਹੋ : ਪਹਾੜਾਂ ‘ਚ ਬਰਫ਼ਬਾਰੀ, ਪੰਜਾਬ ‘ਚ ਮੀਂਹ ਨਾਲ ਪਏ ਗੜੇ, ਮੁੜ ਪਰਤੀ ਠੰਢ, ਜਾਣੋ ਅਗੋਂ ਮੌਸਮ ਦਾ ਹਾਲ
ਇਸ ਤੋਂ ਇਲਾਵਾ ਸ਼ਰਧਾਲੂਆਂ ਦੀਆਂ ਹੋਰ ਸਹੂਲਤਾਂ ਜਿਵੇਂ ਲੰਗਰ, ਪਾਣੀ, ਡਾਕਟਰੀ ਸਹਾਇਤਾ ਆਦਿ ਦਾ ਵਿਸ਼ੇਸ਼ ਧਿਆਨ ਰੱਖਦਿਆਂ ਟਰੱਸਟ ਵੱਲੋਂ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਿੰਦਰਾ ਨੇ ਟਰੱਸਟ ਰਾਹੀਂ ਯਾਤਰਾ ਲਈ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੂਠੀਆਂ ਅਫਵਾਹਾਂ ਦਾ ਸ਼ਿਕਾਰ ਨਾ ਹੋਣ, ਟਰੱਸਟ ਦੇ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਨ ਅਤੇ ਯਾਤਰਾ ਸਬੰਧੀ ਜਾਣਕਾਰੀ ਲੈਣ। ਉਤਰਾਖੰਡ ਸਰਕਾਰ ਅਤੇ ਟਰੱਸਟ ਨੇ ਸ਼ਰਧਾਲੂਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -:

ਵੀਡੀਓ ਲਈ ਕਲਿੱਕ ਕਰੋ -:
