dhindsa expels leader from party: ਸ਼੍ਰੀ ਮੁਕਤਸਰ ਸਾਹਿਬ ‘ਚੋਂ ਲਵਾਰਿਸ ਹਾਲਤ ‘ਚੋਂ ਮਿਲੀ ਬਜ਼ੁਰਗ ਮਾਤਾ ਨੂੰ ਸਾਲਾਸਰ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਹਸਪਤਾਲ ਭਰਤੀ ਕਰਵਾ ਦਿੱਤੀ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਉਸ ਬਜ਼ੁਰਗ ਮਾਤਾ ਦੇ 2 ਪੁੱਤਰ ਹਨ, ਜੋ ਚੰਗੇ ਮਹਿਕਮਿਆਂ ‘ਚ ਤਾਇਨਾਤ ਹਨ।ਇਨ੍ਹਾਂ ‘ਚੋਂ ਇਕ ਪੁੱਤਰ ਸਿਆਸੀ ਆਗੂ ਹੈ, ਜਿਸ ਦਾ ਨਾਂ ਰਜਿੰਦਰ ਸਿੰਘ ਰਾਜਾ ਮੁਕਤਸਰ ਦੱਸਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸ.ਸੁਖਦੇਵ ਸਿੰਘ ਢੀਂਡਸਾ ਨੇ ਇਕ ਬਿਆਨ ਜਾਰੀ ਕਰਦੇ ਹੋਏ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੂੰ ਆਪਣੀ ਮਾਂ ਨਾਲ ਕੀਤੇ ਮਾੜੇ ਵਿਹਾਰ ਕਾਰਨ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ। ਇਸ ਸਬੰਧੀ ਸ. ਸੁਖਦੇਵ ਸਿੰਘ ਢੀਂਡਸਾ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਮੈਂ ਤੇ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਤੁਰੇ, ਮੈਂ ਪੰਜਾਬ ਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਬਹੁਤ ਸਾਰੇ ਲੋਕ ਮੇਰੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਸੰਪਰਕ ਕਰਕੇ ਤੁਰਨ ਲੱਗੇ ਤੇ ਅੱਜ ਵੀ ਤੁਰ ਰਹੇ ਹਨ। ਉਸ ਸਮੇਂ ਹੀ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੇ ਮੇਰੇ ਨਾਲ ਸੰਪਰਕ ਕਰਕੇ ਪਾਰਟੀ ‘ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ ਜਿਸ ਨੂੰ ਪਾਰਟੀ ‘ਚ ਸ਼ਾਮਿਲ ਕਰ ਲਿਆ।
ਉਨ੍ਹਾਂ ਨੇ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਰਾਜਿੰਦਰ ਸਿੰਘ ਰਾਜਾ ਨਾਲ ਸਬੰਧ ਨਾ ਰੱਖਣ ਦੀ ਗੱਲ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਆਦਮੀ ਨੇ ਆਪਣੀ ਮਾਂ ਨੂੰ ਘਰੋਂ ਬਾਹਰ ਸੁੱਟ ਦਿੱਤਾ ਹੈ। ਜਿਹੜਾ ਵਿਅਕਤੀ ਆਪਣੀ ਮਾਂ ਦਾ ਨਹੀਂ ਹੈ, ਉਹ ਲੋਕਾਂ ਦਾ ਕਿਵੇਂ ਹੋ ਸਕਦਾ ਹੈ। ਅਜਿਹੇ ਲੋਕ ਸਾਡੀ ਪਾਰਟੀ ਵਿਚ ਨਹੀਂ ਰਹਿ ਸਕਦੇ।
ਜ਼ਿਕਰਯੋਗ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਬੁੜਾ ਗੁੱਜਰ ਰੋਡ ਉੱਤੇ ਪੀਰਖਾਣੇ ਵਾਲੀ ਗਲੀ ਦੇ ਕੋਲ ਇੱਕ ਲਾਵਾਰਸ ਹਾਲਤ ‘ਚ ਬਜ਼ੁਰਗ ਮਾਤਾ ਮਿਲੀ ਹੈ, ਜਿਸਨੂੰ ਉਸ ਦੇ ਪਰਿਵਾਰ ਨੇ ਕਾਫ਼ੀ ਸਮੇਂ ਤੋਂ ਘਰ ਤੋਂ ਬਾਹਰ ਕੱਢ ਦਿੱਤਾ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਮਾ ਦੇ 2 ਪੁੱਤਰ ਹਨ, ਜਿਨ੍ਹਾਂ ਦਾ ਚੰਗਾ ਕਾਰੋਬਾਰ ਹੈ ਅਤੇ ਇਕ ਪੁੱਤਰ ਸਿਆਸੀ ਆਗੂ ਵੀ ਸੀ। ਬਜ਼ੁਰਗ ਮਾਤਾ ਤਪਤੀ ਧੁੱਪ ‘ਚ ਪੱਥਰਾਂ ਅਤੇ ਸਲੀਬਾਂ ‘ਤੇ ਹੇਠਾਂ ਪਈ ਹੋਈ ਸੀ, ਜਦੋਂ ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਸਾਲਾਸਰ ਸੇਵਾ ਸੋਸਾਇਟੀ ਦੇ ਮੈਂਬਰਾਂ ਮਾਤਾ ਨੂੰ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਪਹੁੰਚਾਇਆ ਅਤੇ ਉਨ੍ਹਾਂ ਦੇ ਪਰਵਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਦਾ ਪਰਿਵਾਰ ਮਿਲਿਆ ਉਨ੍ਹਾਂ ਨੇ ਆਪਣੀ ਮਾਤਾ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਪਰੰਤੂ ਡਾਕਟਰਾਂ ਨੇ ਉਸ ਮਾਤਾ ਨੂੰ ਫਰੀਦਕੋਟ ਲਈ ਰੇਫਰ ਕਰ ਦਿੱਤਾ ਪਰ ਇਸ ਦੌਰਾਨ ਬਜ਼ੁਰਗ ਮਾਤਾ ਦੀ ਮੌਤ ਹੋ ਗਈ।