Jalandhar residents got these : ਕੋਵਿਡ-19 ਮਹਾਮਾਰੀ ਦੇ ਵਧਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਵੀਕਐਂਡ ਤੇ ਜਨਤਕ ਛੁੱਟੀਆਂ ਵਾਲੇ ਦਿਨ ਸਖਤੀ ਨਾਲ ਲੌਕਡਾਊਨ ਦੀ ਪਾਲਣਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜ਼ਿਲਾ ਮੈਜਿਸਟ੍ਰੇਟ ਦਫਤਰ ਜਲੰਧਰ ਵੱਲੋਂ ਜਲੰਧਰ ਵਾਸੀਆਂ ਨੂੰ ਕੁਝ ਰਾਹਤ ਦਿੱਤੀ ਗਈ ਹੈ, ਜਿਸ ਅਧੀਨ ਸ਼ਨੀਵਾਰ ਤੇ ਸਾਰੀਆਂ ਜਨਤਕ ਛੁੱਟੀਆਂ ਵਾਲੇ ਦਿਨ ਉਨ੍ਹਾਂ ਨੂੰ ਕੁਝ ਛੋਟ ਦਿੱਤੀ ਜਾਵੇਗੀ ਜਿਸ ਵਿਚ ਸਾਰੇ ਅਦਾਰਿਆਂ ਸਣੇ ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਸ਼ਨੀਵਾਰ ਤੇ ਐਤਵਾਰ ਦੋਵੇਂ ਦਿਨ ਜ਼ਰੂਰੀ ਵਸਤਾਂ ਜਿਵੇਂਕਿ ਦੁੱਧ, ਗੈਸ ਏਜੰਸੀ ਸਬਜ਼ੀ, ਦਵਾਈ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਉਦਯੋਗਿਕ ਅਦਾਰਿਆਂ ਨੂੰ ਵੀ ਆਮ ਵਾਂਗ ਚੱਲਣ ਦੀ ਇਜਾਜ਼ਤ ਹੋਵੇਗੀ। ਸ਼ਨੀਵਾਰ ਤੇ ਸਾਰੀਆਂ ਗਜ਼ਟਿਡ ਛੁੱਟੀਆਂ ਦੌਰਾਨ ਜ਼ਰੂਰੀ ਸੇਵਾਵਾਂ ਦੀ ਇੰਟਰ ਡਿਸਟ੍ਰਿਕਟ ਮੂਵਮੈਂਟ ਲਈ ਈ-ਪਾਸ ਦੀ ਲੋੜ ਹੋਵੇਗੀ। ਮੈਡੀਕਲ ਐਮਰਜੈਂਸੀ ਵਾਸਤੇ ਕਿਸੇ ਵੀ ਪਾਸ ਦੀ ਲੋੜ ਨਹੀਂ ਹੋਵੇਗੀ। ਸਰਕਾਰੀ/ਪ੍ਰਾਈਵੇਟ/ਉਦਯੋਗਿਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਮੂਵਮੈਂਟ ’ਤੇ ਕੋਈ ਰੋਕ ਨਹੀਂ ਹੋਵੇਗੀ। ਉਨ੍ਹਾਂ ਦੇ ਵਿਭਾਗ/ ਅਦਾਰੇ ਵੱਲੋਂ ਜਾਰੀ ਕੀਤਾ ਗਿਆ ਆਈ ਕਾਰਡ ਹੀ ਪਾਸ ਦਾ ਕੰਮ ਕਰੇਗੀ।
ਐਤਵਾਰ ਨੂੰ ਵੀ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਦਿੱਤੀ ਗਈ ਹੈ, ਹੋਟਲਾਂ ਤੋਂ ਹੋਮ ਡਿਲਵਰੀ ਦੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਇਜਾਜ਼ਤ ਦਿੱਤੀ ਗਈ ਹੈ। ਐਤਵਾਰ ਦੌਰਾਨ ਜ਼ਰੂਰੀ ਸੇਵਾਵਾਂ ਦੀ ਅੰਤਰ-ਜ਼ਿਲਾ ਆਵਾਜਾਈ ਲਈ ਈ-ਪਾਸ ਦੀ ਲੋੜ ਹੋਵੇਗੀ। ਮੈਡੀਕਲ ਐਮਰਜੈਂਸੀ ਵਾਸਤੇ ਕਿਸੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਸਾਰੇ ਅਦਾਰੇ, ਦੁਕਾਨਾਂ ਅਤੇ ਮੌਲ ਆਦਿ ਬੰਦ ਰਹਿਣਗੇ। ਸਰਕਾਰੀ/ ਪ੍ਰਾਈਵੇਟ/ ਉਦਯੋਗਿਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਆਵਾਜਾਈ ’ਤੇ ਕੋਈ ਰੋਕ ਨਹੀਂ ਹੋਵੇਗੀ ਪਰ ਉਨ੍ਹਾਂ ਕੋਲ ਵਿਭਾਗ/ਅਦਾਰੇ ਵੱਲੋਂ ਜਾਰੀ ਕੀਤਾ ਗਿਆ ਆਈ ਕਾਰਡ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਜਾਰੀ ਕੀਤੇ ਹੁਕਮਾਂ ਵਿਚ ਵਿਆਹ ਸਮਾਗਮਾਂ ਲਈ ਸ਼ਨੀਵਾਰ, ਐਤਵਾਰ ਤੇ ਗਜ਼ਟਿਡ ਛੁੱਟੀਆਂ ਵਿਚ ਈ-ਪਾਸ ਦੀ ਲੋੜ ਹੋਵੇਗੀ ਅਤੇ ਇਸ ਵਿਚ 50 ਤੋਂ ਵੱਧ ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਸਕਾਰ ਲਈ ਵੀ ਇਨ੍ਹਾਂ ਦਿਨਾਂ ਵਿਚ ਈ-ਪਾਸ ਹੋਣਾ ਜ਼ਰੂਰੀ ਕੀਤਾ ਗਿਆ ਹੈ। ਸਸਕਾਰ ਵਿਚ 20 ਤੋਂ ਵੱਧ ਵਿਅਕਤੀ ਸ਼ਾਮਲ ਨਹੀਂ ਹੋ ਸਕਦੇ। ਓਪੀਡੀ ਡਾਕਟਰਾਂ/ਪੈਰਾ ਮੈਡੀਕਲ ਸਟਾਫ ਅਤੇ ਮੈਡੀਕਲ ਲੈਬਾਰਟਰੀਆਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਉਨ੍ਹਾਂ ਦੇ ਆਈ ਕਾਰਡ ਹੀ ਈ-ਪਾਸ ਦਾ ਕੰਮ ਕਰਨਗੇ। ਸਾਰੇ ਡਾਕਟਰ ਓਪੀਡੀ ਐਮਰਜੈਂਸੀ ਸੇਵਾਵਾਂ ਅਤੇ ਸ਼ੈਡਿਊਲ ਮੁਤਾਬਕ 24 ਘੰਟੇ ਦੌਰਾਨ ਕਦੇਵੀ ਖੋਲ੍ਹ ਸਕਦੇ ਹਨ। ਜਿਹੜੀਆਂ ਪ੍ਰੀਖਿਆਵਾਂ ਦੀ ਮਿਤੀ ਤੈਅ ਕੀਤੀ ਜਾ ਚੁੱਕੀ ਹੈ, ਉਹ ਆਪਣੇ ਸ਼ੈਡਿਊਲ ਮੁਤਾਬਕ ਹੀ ਹੋਣਗੀਆਂ। ਉਦਯੋਗਿਕ ਇਕਾਈਆਂ ’ਤੇ 31 ਮਈ ਤੇ 6 ਜੂਨ ਨੂੰ ਜਾਰੀ ਹੋਏ ਹੁਕਮ ਹੀ ਲਾਗੂ ਰਹਿਣਗੇ। ਇਨ੍ਹਾਂ ਇਕਾਈਆਂ ਦੇ ਕਰਮਚਾਰੀਆਂ ਅਤੇ ਮੈਨੇਜਮੈਂਟ ਕੋਲ ਆਈ-ਕਾਰਡ ਹੋਣੇ ਲਾਜ਼ਮੀ ਹਨ।