Passport Office Jalandhar: ਜਲੰਧਰ 27 ਜੂਨ 2020: ਇਕ ਹੋਰ ਵਿਲੱਖਣ ਪ੍ਰਾਪਤੀ ਕਰਦਿਆਂ ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ਵਿਚੋਂ ਪੰਜਵੀਂ ਵਾਰ ਵਧੀਆ ਕਾਰਗੁਜਾਰੀ ਦਿਖਾਉਣ ਬਦਲੇ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਜਨਲ ਪਾਸਪੋਰਟ ਅਫ਼ਸਰ ਸ੍ਰੀ ਰਾਜ ਕੁਮਾਰ ਬਾਲ ਨੇ ਦੱਸਿਆ ਕਿ ਹਰ ਸਾਲ ‘ਪਾਸਪੋਰਟ ਸੇਵਾ ਦਿਵਸ’ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ 24 ਜੂਨ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਕੋਵਿਡ-19 ਮਹਾਂਮਾਰੀ ਦੌਰਾਨ ‘ਪਾਸਪੋਰਟ ਸੇਵਾ ਦਿਵਸ’ ਵੀਡੀਓ ਕਾਨਫਰੰਸਿੰਗ ਰਾਹੀਂ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ‘ਪਾਸਪੋਰਟ ਸੇਵਾ ਦਿਵਸ’ ਮੌਕੇ ਹਰ ਸਾਲ ਦੇਸ਼ ਦੇ ਪਾਸਪੋਰਟ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਅਤੇ ਹੋਰ ਮਹੱਤਵਪੂਰਨ ਤੱਥਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਰਿਜਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਪਾਸਪੋਰਟ ਦਫ਼ਤਰਾਂ ਦੀ ਬਹਿਤਰੀਨ ਕਾਰਗੁਜ਼ਾਰੀ ਲਈ ਪਾਸਪੋਰਟ ਸੇਵਾ ਇਨਾਮ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ਵਿੱਚ ਪੰਜਵੀਂ ਵਾਰ ਵਧੀਆ ਕਾਰਗੁਜ਼ਾਰੀ ਲਈ ਪਹਿਲਾ ਇਨਾਮ ਦਿੱਤਾ ਗਿਆ।
ਇਸ ਸਬੰਧੀ ਪਾਸਪੋਰਟ ਦਫ਼ਤਰ ਦੇ ਪੂਰੇ ਅਮਲੇ ਅਤੇ ਜਲੰਧਰ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਖੇਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਬਾਲੀ ਨੇ ਕਿਹਾ ਕਿ ਇਸ ਨਾਲ ਪਾਸਪੋਰਟ ਦਫ਼ਤਰ ਜਲੰਧਰ ਦਾ ਸਮੁੱਚਾ ਅਮਲਾ ਭਵਿੱਖ ਵਿੱਚ ਲੋਕਾਂ ਦੀ ਹੋਰ ਵੀ ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਲਈ ਉਤਸ਼ਾਹ ਨਾਲ ਭਰ ਗਿਆ ਹੈ। ਰਿਜਨਲ ਪਾਸਪੋਰਟ ਅਫ਼ਸਰ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਜਲੰਧਰ ਇਸ ਸਨਮਾਨ ਲਈ ਚੁਣੇ ਜਾਣ ਲਈ ਬਹੁਤ ਮਾਨ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮੁੱਚੇ ਅਮਲੇ ਵਲੋਂ ਪੂਰੀ ਲਗਨ ਤੇ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਬਦਲੇ ਮਿਲਿਆ ਹੈ। ਉਨ੍ਹਾਂ ਸਹੁੰ ਚੁੱਕੀ ਕੇ ਪਾਸਪੋਰਟ ਦਫ਼ਤਰ ਵਲੋਂ ਦਫ਼ਤਰ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਲੋਕਾਂ ਦੀ ਅਗਾਊਂ ਵੀ ਪੂਰੇ ਉਤਸ਼ਾਹ ਨਾਲ ਸੇਵਾ ਕਰਦਾ ਰਹੇਗਾ।