Punjab Government efforts: ਕਪੂਰਥਲਾ, 27 ਜੂਨ : ਜ਼ਿਲਾ ਡੀ-ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੁਸਾਇਟੀ, ਕਪੂਰਥਲਾ ਵੱਲੋਂ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਸਬੰਧੀ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਨਵਜੀਵਨ ਕੇਂਦਰ ਵਿਖੇ ਕਰਵਾਏ ਗਏ ਇਸ ਜ਼ਿਲਾ ਪੱਧਰੀ ਸਮਾਗਮ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਨਸ਼ਿਆਂ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ, ਨਸ਼ਿਆਂ ਦੇ ਕਾਰਨਾਂ, ਇਲਾਜ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਵਿਸ਼ੇਸ਼ ਚਰਚਾ ਕੀਤੀ ਗਈ। ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਇਕ ਵਿਸ਼ਾਲ ਮੁਹਿੰਮ ਚਲਾਈ ਗਈ ਹੈ, ਜਿਸ ਦੇ ਉਸਾਰੂ ਸਿੱਟੇ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਨਸ਼ਾ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਦੇ ਸੁਹਿਰਦ ਉਪਰਾਲੇ ਕੀਤੇ ਗਏ ਹਨ, ਜਿਸ ਦਾ ਸਬੂਤ ਨਸ਼ਾ ਛੱਡਣ ਲਈ ਦਵਾਈ ਲੈਣ ਵਾਲਿਆਂ ਦੀ ਗਿਣਤੀ ਵਿਚ ਹੋਏ ਭਾਰੀ ਵਾਧੇ ਤੋਂ ਮਿਲਦਾ ਹੈ। ਉਨਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਮਦਦ ਦੀ ਲੋੜ ਹੁੰਦੀ ਹੈ, ਨਾ ਕਿ ਸਜ਼ਾ ਦੀ। ਇਸ ਮੌਕੇ ਉਨਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੌਰਾਨ ਚਲਾਏ ਗਏ ਵਿਲੱਖਣ ਪ੍ਰਾਜੈਕਟ ‘ਮੋਬਾਈਲ ਓਟ ਕਲੀਨਿਕ’ ਦੀ ਸ਼ਲਾਘਾ ਕੀਤੀ, ਜਿਸ ਨਾਲ ਨਸ਼ਾ ਪੀੜਤ ਵਿਅਕਤੀਆਂ ਨੂੰ ਦਵਾਈ ਲੈਣ ਵਿਚ ਵੱਡੀ ਰਾਹਤ ਮਿਲ ਰਹੀ ਹੈ।
ਇਸ ਮੌਕੇ ਉਨਾਂ ‘ਡਵ’ ਨਾਂਅ ਦਾ ਨਵਾਂ ਪ੍ਰਾਜੈਕਟ ਲਾਂਚ ਕੀਤਾ, ਜਿਸ ਦਾ ਪੂਰਾ ਨਾਂਅ ‘ਡਰੱਗ (ਓਪੀਆਡ) ਓਵਰਡੋਜ਼ ਐਜੂਕੇਸ਼ਨ ਐਂਡ ਮੈਨੇਜਮੈਂਟ ਪ੍ਰਾਜੈਕਟ’ ਹੈ। ਇਸ ਪ੍ਰਾਜੈਕਟ ਤਹਿਤ ਡਾਕਟਰਾਂ, ਸਿਹਤ ਕਰਮੀਆਂ, ਐਨ. ਜੀ. ਓਜ਼ ਆਦਿ ਨੂੰ ਡਰੱਗ ਓਵਰਡੋਜ਼ ਦੀਆਂ ਨਿਸ਼ਾਨੀਆਂ ਅਤੇ ਇਸ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜ਼ਿਲਾ ਡੀ-ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੁਸਾਇਟੀ, ਕਪੂਰਥਲਾ ਵੱਲੋਂ ਇਹ ਪ੍ਰਾਜੈਕਟ ਸਾਰੇ ਜ਼ਿਲੇ ਵਿਚ ਜਾਗਰੂਕਤਾ ਮੁਹਿੰਮ ਵਾਂਗ ਚਲਾਇਆ ਜਾਵੇਗਾ ਅਤੇ ਇਸ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਖਾਸ ਤੌਰ ’ਤੇ ਪਹਿਚਾਣ ਕੀਤੇ ਹੋਏ ਜ਼ਿਆਦਾ ਨਸ਼ਾ ਕਰਨ ਵਾਲਿਆਂ ਇਲਾਕਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨਾਂ ਕਪੂਰਥਲਾ ਵਿਚ ਚੱਲ ਰਹੇ ਨਸ਼ਾ ਮੁਕਤੀ ਪ੍ਰੋਗਰਾਮ ਸਬੰਧੀ ਇਕ ਬਰੌਸ਼ਰ ਵੀ ਜਾਰੀ ਕੀਤਾ।
ਐਸ. ਡੀ. ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਪੂਰੇ ਦੇਸ਼ ਵਿਚ ਸਿਰਫ਼ ਕਪੂਰਥਲਾ ਹੀ ਇਕ ਅਜਿਹਾ ਸ਼ਹਿਰ ਹੈ, ਜਿਥੇ ਇਕ ਸਥਾਨ ’ਤੇ ਨਸ਼ਾ ਮੁਕਤੀ ਦੇ ਇੰਨੇ ਸਾਰੇ ਪ੍ਰਾਜੈਕਟ ਇਕੱਠੇ ਚੱਲ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ ਅੱਜ ਦੇ ਸਮਾਗਮ ਲਈ ਪੰਜਾਬ ਸਰਕਾਰ ਤੋਂ ਇਲਾਵਾ ‘ਅਲਾਇੰਸ ਇੰਡੀਆ ਐਂਡ ਗਲੋਬਲ ਫੰਡ’ ਵੱਲੋਂ ਵੀ ਸਪੋਰਟ ਕੀਤੀ ਗਈ ਹੈ। ਨਸਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਮੌਕੇ ਜ਼ਿਲਾ ਡੀ-ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੁਸਾਇਟੀ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸ ਸਾਲ ਦਾ ਥੀਮ ‘ਬੈਟਰ ਨਾਲੇਜ ਫਾਰ ਬੈਟਰ ਕੇਅਰ’ ਹੈ, ਜਿਸ ਦਾ ਮਤਲਬ ਹੈ ਕਿ ਇਲਾਜ ਕਰਨ ਵਾਲੇ ਡਾਕਟਰਾਂ, ਕਾਊਂਸਲਰਾਂ ਅਤੇ ਹੋਰ ਸਟਾਫ ਦੇ ਨਾਲ-ਨਾਲ ਆਮ ਜਨਤਾ ਨੂੰ ਇਨਾਂ ਸਾਰੇ ਵਿਸ਼ਿਆਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਨਸ਼ਾ ਕਰਨ ਵਾਲਿਆਂ ਦਾ ਬਿਹਤਰ ਇਲਾਜ ਕੀਤਾ ਜਾ ਸਕੇ। ਇਸ ਮੌਕੇ ਐਸ. ਪੀ ਸ੍ਰੀ ਮਨਦੀਪ ਸਿੰਘ, ਡੀ. ਐਸ. ਪੀ ਸਤਨਾਮ ਸਿੰਘ, ਐਸ. ਐਮ. ਓ ਡਾ. ਤਾਰਾ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਵਿਸ਼ਾਲ ਸੋਨੀ, ਵਿਕਾਸ ਸ਼ਰਮਾ, ਅਮਰਜੀਤ ਸਿੰਘ ਸੈਦੋਵਾਲ, ਵਿਨੋਦ ਸੂਦ, ਪੱਪੂ ਧਿੰਜਣ, ਦੀਪਕ ਸਲਵਾਨ, ਟੀਟੂ ਭਸੀਨ ਤੋਂ ਇਲਾਵਾ ਡਾ. ਗੀਤਾਂਜਲੀ, ਮੈਨੇਜਰ ਬਲਜਿੰਦਰ ਸਿੰਘ ਤੇ ਸਰਬਜੀਤ ਕੌਰ, ਕਾਊਂਸਲਰ ਰਾਕੇਸ਼ ਸ਼ਰਮਾ ਤੇ ਸ਼ਮਿੰਦਰ ਕੌਰ, ਸਟਾਫ ਨਰਸ ਜਸਵੀਰ ਕੌਰ, ਗਗਨਦੀਪ ਕੌਰ, ਗੁਰਜੀਤ ਕੌਰ, ਵੀਨਾ ਰਾਣੀ, ਮਨਜੀਤ ਕੌਰ, ਸ਼ਰਨਜੀਤ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।