ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਜਿਸ ਤਹਿਤ ਪੁਲਿਸ ਨੂੰ ਵੱਡੀਆਂ ਸਫਲਤਾਵਾਂ ਹੱਥ ਲੱਗ ਰਹੀਆਂ ਹਨ। ਦੂਜੇ ਪਾਸੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਲਗਾਤਾਰ ਹੀ ਭਾਰਤ ਵਿੱਚ ਹੈਰੋਇਨ ਦੀਆਂ ਖੇਪਾ ਭੇਜਣ ਵਿੱਚ ਲੱਗਾ ਹੋਇਆ ਹੈ, ਜਿਸ ਦੇ ਚਲਦੇ ਪੁਲਿਸ ਵੱਲੋਂ ਸਖਤ ਨਾਕੇਬੰਦੀਆਂ ਕਰਕੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ।
ਇਸੇ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਪੁਲਿਸ ਨੇ ਕੇਂਦਰੀ ਏਜੰਸੀ DRI ਦੇ ਇੱਕ ਅਧਿਕਾਰੀ ਸਮੇਤ ਅੱਠ ਵਿਅਕਤੀਆਂ ਨੂੰ 4.4 ਕਿਲੋ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਕਾਬੂ ਕੀਤੇ ਗਏ ਬੰਦਿਆਂ ਦੀ ਪਛਾਣ DRI ਅਧਿਕਾਰੀ ਮਨਜੀਤ ਸਿੰਘ, ਉਸ ਦਾ ਸਾਥੀ ਰਵੀ ਕੁਮਾਰ, ਤਲਵਿੰਦਰ ਸਿੰਘ, ਰੋਹਿਤ ਸ਼ਰਮਾ, ਅਭਿਸ਼ੇਕ, ਅਰਸ਼ਦੀਪ ਅਤੇ ਅਮਿਤ ਕੁਮਾਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਕੇਂਦਰ ਦੀ ਏਜੰਸੀ ਦੇ DRI ਅਧਿਕਾਰੀ ਮਨਜੀਤ ਸਿੰਘ ਅਤੇ ਉਸ ਦੇ ਸਾਥੀ ਰਵੀ ਕੁਮਾਰ ਨੂੰ ਨਸ਼ੇ ਦੀ ਖੇਪ ਸਣੇ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਪੁੱਛ-ਗਿਛ ਦੌਰਾਨ ਹੋਏ ਖੁਲਾਸਿਆਂ ਮਗਰੋਂ ਪੁਲਿਸ ਨੇ ਕੁਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਅਮਿਤ ਕੁਮਾਰ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਦੇ ਪੈਸੇ ਹਵਾਲਾ ਰਾਸ਼ੀ ਰਾਹੀਂ ਦੁਬਈ ਦੇ ਜ਼ਰੀਏ ਪਾਕਿਸਤਾਨ ਭੇਜਦਾ ਸੀ।
ਇਹ ਵੀ ਪੜ੍ਹੋ : 3 ਸਾਲਾਂ ਬੱਚੀ ਨਾਲ ਜ/ਬ.ਰ-ਜ਼/ਨਾ.ਹ ਦੇ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, ਅਦਾਲਤ ਨੇ ਸੁਣਾਇਆ ਵੱਡਾ ਫੈਸਲਾ
ਸਾਰੇ ਦੋਸ਼ੀਆਂ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਸਿੱਧਾ ਸੰਪਰਕ ਸੀ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਿਹਾ ਕਿ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਸੀਆਈਏ ਸਟਾਫ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮਨਜੀਤ ਸਿੰਘ ਕੁਝ ਹੀ ਸਮਾਂ ਪਹਿਲਾਂ ਭਰਤੀ ਹੋਇਆ ਸੀ ਤੇ ਲਾਲਚ ਵਿਚ ਫਸ ਕੇ ਇਹ ਕੰਮ ਕਰਨ ਲੱਗਾ, ਜਿਸ ਦੇ ਲਈ ਉਹ ਆਪਣੀ ਪੋਸਟ ਦਾ ਇਸਤੇਮਾਲ ਕਰਦਾ ਸੀ।
ਇਸ ਦੇ ਨਾਲ ਹੀ ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਵੱਖ-ਵੱਖ ਕੇਸ ਦਰਜ ਹਨ। ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਹੈਰੋਇਨ ਕਿੱਥੇ-ਕਿੱਥੇ ਸਪਲਾਈ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
