ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਹੋਰ ਕਾਰਵਾਈ ਕਰਦਿਆਂ ਫਰੀਦਕੋਟ ਵਿਚ ਇੱਕ ਨਸ਼ਾ ਤਸਕਰ ਦੇ ਨਵੇਂ ਉਸਾਰੇ ਜਾ ਰਹੇ ਘਰ ‘ਤੇ ਪੀਲਾ ਪੰਜਾ ਚੱਲਿਆ। ਇਹ ਕਾਰਵਾਈ ਹੋਣ ‘ਤੇ ਜਿਥੇ ਲੋਕਾਂ ਨੇ ਤਸੱਲੀ ਪ੍ਰਗਟਾਈ, ਉਥੇ ਹੀ ਐੱਸ.ਐੱਸ.ਪੀ. ਪ੍ਰਗਿਆ ਜੈਨ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ।
ਨਸ਼ਾ ਤਸਕਰ ਪਰਗਟ ਸਿੰਘ ਉਰਫ ਲਵਲੀ ਵੱਡੇ ਤਸਕਰਾਂ ਲਈ ਨਸ਼ਾ ਪੈਡਲਿੰਗ ਦਾ ਕੰਮ ਕਰਦਾ ਸੀ, ਜਿਸ ਦੇ ਉੱਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਉਸ ਦੇ ਨਵੇਂ ਉਸਾਰੇ ਘਰ ‘ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਲਗਾਤਾਰ ਪੰਜਾਬ ਵਿਚ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਨਸ਼ਿਆਂ ਦਾ ਇਹ ਧੰਦਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ SSP ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਪਰਗਟ ਸਿੰਘ ਉਰਫ ਲਵਲੀ ‘ਤੇ ਪੁਰਾਣੇ ਚਾਰ ਪਰਚੇ ਹਨ। ਇਸ ‘ਤੇ NDPS ਐਕਟ ਦਾ, ਚੋਰੀ ਦਾ, 452 ਦਾ ਪਰਚਾ ਹੈ। ਇਹ ਬਹੁਤ ਹੀ ਅਪਰਾਧਿਕ ਪ੍ਰਬਿਰਤੀ ਵਾਲਾ ਬੰਦਾ ਹੈ। ਉਹ ਇਥੇ ਇਸ ਘਰ ਦੀ ਨਾਜਾਇਜ਼ ਉਸਾਰੀ ਕਰਵਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਤੇ ਫਰੀਦਕੋਟ ਪੁਲਿਸ ਵੱਲੋਂ ਬਹੁਤ ਹੀ ਸਖਤ ਸੰਦੇਸ਼ ਹੈ ਕਿ ਕਿਸੇ ਵੀ ਮਾੜੇ ਅਨਸਰ ਨੂੰ ਕਿਸੇ ਵੀ ਤਰ੍ਹਾਂ ਤੋਂ ਬਖਸ਼ਿਆ ਨਹੀਂ ਜਾਏਗਾ।
SSP ਪ੍ਰਗਿਆ ਜੈਨ ਨੇ ਦੱਸਿਆ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਾਰਚ ਦੇ ਸਿਰਫ ਇੱਕ ਮਹੀਨੇ ਵਿਚ ਹੀ ਫਰੀਦਕੋਟ ਪੁਲਿਸ ਨੇ NDPS ਦੇ 121 ਪਰਚੇ ਦਰਜ ਕੀਤੇ ਹਨ ਤੇ 310 ਬੰਦੇ ਗ੍ਰਿਫ਼ਤਾਰ ਕੀਤੇ ਹਨ। ਐਵਰੇਜ ਮੁਤਾਬਕ ਮਾਰਚ ਮਹੀਨੇ ਵਿਚ ਰੋਜ਼ਾਨਾ ਦੇ ਚਾਰ ਪਰਚੇ ਦਰਜ ਹੋਏ ਹਨ 10 ਪੈਡਰਾਂ ਦੀ ਗ੍ਰਿਫਤਾਰੀ ਹੋਈ ਹੈ। ਸਾਡਾ ਬੱਸ ਇੱਕੋ ਹੀ ਉਦੇਸ਼ ਹੈ ਕਿ ਸੜਕਾਂ ‘ਤੇ ਜੇ ਕੋਈ ਨਸ਼ਾ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਫੜ ਕੇ ਅੰਦਰ ਕਰਾਂਗੇ, ਇਸ ਦੇ ਲਈ ਸਾਡੀ ਜ਼ੀਰੋ ਟੋਲਰੈਂਸ ਨੀਤੀ ਹੈ। ਜਿਹੜੇ 310 ਬੰਦੇ ਫੜੇ ਹਨ ਉਨ੍ਹਾਂ ਵਿਚ 25 ਵੱਡੇ ਮਗਰਮੱਛ ਹਨ, ਜਿਨ੍ਹਾਂ ਕੋਲੋਂ ਬਰਾਮਦਗੀਆਂ ਵੀ ਹੋਈਆਂ ਹਨ।
ਇਹ ਵੀ ਪੜ੍ਹੋ : ਚਿੱ*ਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਦੀ ਮੁੜ ਹੋਈ ਪੇਸ਼ੀ, ਅਦਾਲਤ ਨੇ ਭੇਜਿਆ ਜੁਡੀਸ਼ੀਅਲ ਰਿਮਾਂਡ ‘ਤੇ
ਲੋਕਾਂ ਨੇ SSP ਪ੍ਰਗਿਆ ਜੈਨ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਖੂਬ ਤਾਰੀਫ ਕੀਤੀ ਗਈ। ਲੋਕਾਂ ਨੇ ਕਿਹਾ ਕਿ ਜੇ ਇਹ ਅਫਸਰ 2-4 ਸਾਲ ਇੱਥੇ ਟਿੱਕ ਗਈ ਤਾਂ ਸਾਡੇ ਬੱਚੇ ਬਚ ਜਾਣਗੇ। ਲੋਕਾਂ ਨੇ ਕਿਹਾ ਕਿ ਇਹ ਬਹੁਤ ਹੀ ਚੰਗਾ ਕੰਮ ਕੀਤਾ ਹੈ, ਸਾਡੀ ਬਸਤੀ ਸੁਧਾਰੀ ਗਈ ਹੈ। ਅਸੀਂ ਵੀ ਪੁਲਿਸ ਦਾ ਪੂਰਾ ਸਾਥ ਦਿਆਂਗੇ।
ਵੀਡੀਓ ਲਈ ਕਲਿੱਕ ਕਰੋ -:
