ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹਾ ਸ਼ਹਿਰੀ ਪੁਲਿਸ ਨੇ ਇੱਕ ਨਾਬਾਲਗ ਸਣੇ ਚਾਰ ਤਸਕਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਤਸਕਰਾਂ ਕੋਲੋਂ ਪੁਲਿਸ ਨੇ 4 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 20 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਦੀ ਪਛਾਣ ਤਰਸੇਮ ਸਿੰਘ (23) ਨਿਵਾਸੀ ਕਬਾਇਆ ਜਲਾਲਾਬਾਦ, ਅੰਮ੍ਰਿਤ ਸਿੰਘ ਉਰਫ ਅੰਮੀ (21) ਨਿਵਾਸੀ ਜਲਾਲਾਬਾਦ, ਰਮਨਜੀਤ ਉਰਫ ਰਮਨ ਨਿਵਾਸੀ ਖਾਲੜਾ ਤੇ ਇੱਕ 16 ਸਾਲਾਂ ਨਾਬਾਲਗ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਫੜੇ ਗਏ ਤਿੰਨ ਦੋਸ਼ੀ ਤਸਕਰ ਫ਼ਿਰੋਜ਼ਪੁਰ ਸੈਕਟਰ ਦੀ ਤਰਫ਼ੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲਿਆਉਂਦੇ ਸਨ। ਇਨ੍ਹਾਂ ਵਿੱਚੋਂ ਨਾਬਾਲਗ ਦੋਸ਼ੀ ਕਿਸ਼ਤੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਬਾਕੀ ਤਿੰਨ ਦੋਸ਼ੀਆਂ ਵੱਲੋਂ ਉਸ ਦੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਸੀ।

ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਸਤਲੁਜ ਦਰਿਆ ਨੇੜੇ ਸਰਹੱਦ ਨਾਲ ਲੱਗਦੇ ਇੱਕ ਪਿੰਡ ਦੇ ਖੇਤਾਂ ਵਿੱਚ ਸੁੱਟ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਨਾਬਾਲਗ ਦੋਸ਼ੀ ਆਪਣੀ ਕਿਸ਼ਤੀ ਲੈ ਕੇ ਸਤਲੁਜ ਦਰਿਆ ‘ਚ ਜਾਂਦਾ ਸੀ ਅਤੇ ਖੇਪ ਨੂੰ ਰਿਸੀਵ ਕਰਦਾ ਸੀ ਅਤੇ ਕਿਸ਼ਤੀ ‘ਚ ਰੱਖ ਕੇ ਵਾਪਸ ਲੈ ਆਉਂਦਾ ਸੀ। ਇਸ ਤੋਂ ਬਾਅਦ ਬਾਕੀ ਤਿੰਨ ਦੋਸ਼ੀ ਇਸ ਨੂੰ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ : ਟੂਰਨਾਮੈਂਟ ਦੌਰਾਨ ਮਾ/ਰੇ ਗਏ ਨਾਬਾਲਗ ਦੇ ਪਰਿਵਾਰ ਨੂੰ ਮਿਲੇ ਮੰਤਰੀ ਹਰਭਜਨ ਸਿੰਘ, ਦਿੱਤਾ ਮਦਦ ਦਾ ਭਰੋਸਾ
ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਸੋਮਵਾਰ ਨੂੰ ਹੈਰੋਇਨ ਦੀ ਖੇਪ ਦੀ ਡਿਲਿਵਰੀ ਕਰਨ ਲਈ ਅੰਮ੍ਰਿਤਸਰ ਆਇਆ ਸੀ। ਦੋਸ਼ੀ ਮੋਟਰਸਾਈਕਲ ’ਤੇ ਸਵਾਰ ਸਨ। ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਮੌਕੇ ‘ਤੇ ਹੀਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਆਦਾਤਰ ਖੇਪ ਅੰਮ੍ਰਿਤਸਰ ਸੈਕਟਰ ਤੋਂ ਭੇਜੀ ਜਾ ਰਹੀ ਸੀ। ਪਰ ਹੁਣ ਪਾਕਿਸਤਾਨੀ ਤਸਕਰ ਫ਼ਿਰੋਜ਼ਪੁਰ ਸਰਹੱਦ ਤੋਂ ਵੀ ਸਰਗਰਮ ਹੋ ਗਏ ਹਨ। ਇਸ ਦੇ ਨਾਲ ਹੀ ਕਿਸ਼ਤੀ ਵਿੱਚ ਖੇਪ ਲਿਆਉਣ ਅਤੇ ਲਿਜਾਣ ਦਾ ਮਾਮਲਾ ਵੀ ਪਹਿਲੀ ਵਾਰ ਸਾਹਮਣੇ ਆਇਆ ਹੈ। ਫਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ, ਤਾਂ ਜੋ ਹੋਰ ਰਿਕਵਰੀ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -:
























