ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਨਾਮਜ਼ਦ ਮੈਂਬਰਾਂ ਦੇ ਚੋਣ ਨਤੀਜੇ ਦਾ ਰਾਹ ਸਾਫ ਹੋ ਗਿਆ ਹੈ। ਪਟੀਸ਼ਨਕਰਤਾ ਭੁਪਿੰਦਰ ਸਿੰਘ ਭੁੱਲਰ ਵੱਲੋਂ ਆਪਣੀ ਵੋਟ ਵਾਪਸ ਲੈਣ ਦੀ ਬੇਨਤੀ ਕਰਨ ਤੋਂ ਬਾਅਦ ਜੱਜ ਸੰਜੀਵ ਸਚਦੇਵਾ ਦੇ ਬੈਂਚ ਨੇ ਚੋਣ ਅਧਿਕਾਰੀ ਨੂੰ ਨਿਰਦੇਸ਼ ਦਿੱਤਾ ਕਿ ਪਟੀਸ਼ਨਕਰਤਾ ਦੀ ਵੋਟ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਨਤੀਜੇ ’ਚ ਸ਼ਾਮਲ ਨਾ ਕੀਤਾ ਜਾਵੇ।
ਦਸ ਸਤੰਬਰ ਨੂੰ ਦਿੱਤੇ ਗਏ ਆਪਣੇ ਫ਼ੈਸਲੇ ’ਚ ਬੈਂਚ ਨੇ ਨਿਰਦੇਸ਼ ਦਿੱਤਾ ਕਿ ਨਾਮਜ਼ਦ ਮੈਂਬਰਾਂ ਦੀ ਚੋਣ ਨੂੰ ਅਗਲੇਰੀ ਪ੍ਰਕਿਰਿਆ ਨੂੰ ਨਿਯਮਾਂ ਤਹਿਤ ਜਾਰੀ ਰੱਖਿਆ ਜਾਵੇ ਅਤੇ ਦੋ ਦਿਨਾਂ ਅੰਦਰ ਨਾਮਜ਼ਦ ਮੈਂਬਰਾਂ ਦਾ ਚੋਣ ਨਤੀਜਾ ਐਲਾਨਿਆ ਜਾਵੇ। ਸੁਣਵਾਈ ਦੌਰਾਨ ਗੁਰਦੁਆਰਾ ਚੋਣ ਨਿਰਦੇਸ਼ਕ ਨੇ ਵਕੀਲ ਜ਼ਰੀਏ ਬੈਂਚ ਨੂੰ ਦੱਸਿਆ ਕਿ 9 ਸਤੰਬਰ ਨੂੰ ਹੋਈ ਨਾਮਜ਼ਦ ਮੈਂਬਰਾਂ ਦੀ ਚੋਣ ਦਾ ਰਿਕਾਰਡ ਸੀਲਬੰਦ ਲਿਫਾਫੇ ਵਿਚ ਹੈ।
ਨਾਮਜ਼ਦ ਮੈਂਬਰਾਂ ਲਈ 16 ਵੋਟਾਂ ਦੀ ਲੋੜ ਹੈ ਅਤੇ ਇਕ ਉਮੀਦਵਾਰ ਨੇ 18 ਵੋਟਾਂ ਹਾਸਲ ਕੀਤੀਆਂ ਹਨ। ਉਥੇ ਸੁਣਵਾਈ ਦੌਰਾਨ ਭੁਪਿੰਦਰ ਸਿੰਘ ਭੁੱਲਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਮਲਹੋਤਰਾ ਨੇ ਬੈਂਚ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਮੁਵੱਕਲ ਦੀ ਵੋਟ ਨੂੰ ਨਾ ਗਿਣਿਆ ਜਾਵੇ ਅਤੇ ਉਨ੍ਹਾਂ ਨੇ ਵੋਟ ਵਾਪਸ ਲੈਣ ਦੀ ਇਜਾਜ਼ਤ ਮੰਗੀ ਹੈ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।
ਓਧਰ ਆਮ ਆਦਮੀ ਪਾਰਟੀ ਨੇ ਗੁਰਦੁਆਰਾ ਚੋਣ ਨਿਰਦੇਸ਼ਕ ਨਰਿੰਦਰ ਸਿੰਘ ’ਤੇ ਅਕਾਲੀ ਦਲ (ਬਾਦਲ) ਦੇ ਲੋਕਾਂ ਵੱਲੋਂ ਕਥਿਤ ਤੌਰ ’ਤੇ ਹਮਲਾ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਤੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਲੋਕਾਂ ਨੇ ਨਿਰਾਸ਼ ਹੋ ਕੇ ਤਿੰਨ ਦਿਨ ਪਹਿਲਾਂ ਹਮਲਾ ਕੀਤਾ ਹੈ ਜਦਕਿ ਨਰਿੰਦਰ ਸਿੰਘ ਪੂਰੀ ਨਿਰਪੱਖਤਾ ਨਾਲ ਆਪਣੇ ਕਰਤੱਬ ਨੂੰ ਨਿਭਾਅ ਰਹੇ ਹਨ। ਅਕਾਲੀ ਦਲ ਨੇ ਹਮਲਾ ਕਰਕੇ ਸਰਕਾਰੀ ਕੰਮਾਂ ਵਿਚ ਅੜਿੱਕਾ ਡਾਹਿਆ। ਗੁਰਦੁਆਰਾ ਚੋਣ ਨਿਰਦੇਸ਼ਕ ’ਤੇ ਅਕਾਲੀ ਦਲ (ਬਾਦਲ) ਵੱਲੋਂ ਇਸ ਤਰ੍ਹਾਂ ਨਾਲ ਹਮਲਾ ਕਰਨਾ ਬਹੁਤ ਹੀ ਨਿੰਦਣਯੋਗ ਹੈ।