ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਬਦਮਾਸ਼ ਦੇ ਐਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ। ਇਸ ਬਦਮਾਸ਼ ‘ਤੇ ਫਿਰੌਤੀ ਪਿੱਛੇ ਗੋਲੀਆਂ ਚਲਾਉਣ ਦਾ ਦੋਸ਼ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜੰਡਿਆਲਾ ਗੁਰੂ ਵਿਚ ਇੱਕ ਦੁਕਾਨ ‘ਤੇ ਤਿੰਨ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਮਗਰੋਂ ਜੰਡਿਆਲਾ ਗੁਰੂ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦਕਿ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ।
ਅੱਜ ਜੰਡਿਆਲਾ ਗੁਰੂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤੀਜਾ ਮੁੰਡਾ ਇਸ ਰਸਤੇ ਤੋਂ ਨਿਕਲ ਰਿਹਾ ਹੈ। ਪੁਲਿਸ ਨੇ ਉਸ ਰਸਤੇ ‘ਤੇ ਨਾਕਾ ਲਾਇਆ ਹੋਇਆ ਸੀ। ਜਿਵੇਂ ਹੀ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਪਹਿਲਾਂ ਹਵਾਈ ਫਾਇਰ ਕੀਤਾ ਤੇ ਫਿਰ ਦੂਜਾ ਫਾਇਰ ਉਸ ਦੀ ਲੱਤ ਵਿਚ ਲੱਗਾ। ਉਸ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ SHO ਅਰਜਨ ਸਿੰਘ ਨੇ ਦੱਸਿਆ ਕਿ ਬੀਤੀ 3 ਮਈ ਨੂੰ ਸਤਗੁਰ ਕੁਲੈਕਸ਼ਨ ਵਾਲਿਆਂ ਦੇ ਸ਼ੋਅਰੂਮ ‘ਤੇ ਫਾਇਰਿੰਗ ਹੋਈ ਸੀ। ਵਿਦੇਸ਼ ਬੈਠੇ ਇੱਕ ਵੱਡੇ ਬਦਮਾਸ਼ ਨੇ ਉਨ੍ਹਾਂ ਤੌ ਫਿਰੌਤੀ ਮੰਗੀ ਸੀ। ਉਨ੍ਹਾਂ ਨੂੰ ਧਮਕੀ ਭਰੀਆਂ ਕਾਲਾਂ ਆਉਂਦੀਆਂ ਸਨ। ਉਸੇ ਦਿਨ ਤਿੰਨ ਨੌਜਵਾਨਾਂ ਨੇ ਉਸ ਸ਼ੋਅਰੂਮ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਉਥੇ ਕੰਮ ਕਰਨ ਵਾਲੀ ਇੱਕ ਕੁੜੀ ਦੇ ਗੋਲੀ ਲੱਗ ਗਈ ਸੀ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਹਾਲਾਂਕਿ ਉਹ ਖਤਰੇ ਤੋਂ ਬਾਹਰ ਹੈ। ਉਸ ਮਾਮਲੇ ਵਿਚ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਸਨ, ਜਦਕਿ ਤੀਜੇ ਨੂੰ ਗ੍ਰਿਫਤਾਰ ਕਰਨ ਲਈ ਆਪਣੀ ਟੀਮ ਨਾਲ ਅਸੀਂ ਨਾਕਾ ਲਾਇਆ ਸੀ। ਸਾਨੂੰ ਇਤਲਾਹ ਸੂਚਨਾ ਮਿਲੀ ਸੀ ਕਿ ਤੀਜਾ ਦੋਸ਼ੀ ਸ਼ੇਖ ਫੱਤੇਵਾਲੀ ਦੇ ਰਸਤਿਓਂ ਨਹਿਰੋ-ਨਹਿਰ ਜੰਡਿਆਲੇ ਵੱਲ ਆ ਰਿਹਾ ਹੈ। ਇਸ ਕੋਲ ਇੰਪੋਰਟਿਡ ਪਿਸਟਲ ਸੀ।
ਇਹ ਵੀ ਪੜ੍ਹੋ : ਮਜੀਠਾ ਸ਼/ਰਾਬ ਕਾਂ/ਡ ਮਗਰੋਂ ਐਕਸ਼ਨ ਮੋਡ ‘ਚ ਮਾਨ ਸਰਕਾਰ, ਕੇਂਦਰ ਨੂੰ ਚਿੱਠੀ ਲਿਖ ਕੀਤੀ ਵੱਡੀ ਮੰਗ
ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਨਿਡਰ ਹੋ ਕੇ ਪੁਲਿਸ ‘ਤੇ ਸਿੱਧੀ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਿਸ ਟੀਮ ਨੇ ਉਸ ਨੂੰ ਰੋਕਣ ਲਈ ਪਹਿਲਾਂ ਹਵਾਈ ਫਾਇਰ ਕੀਤਾ, ਪਰ ਉਸ ਦੇ ਨਾ ਰੁਕਣ ‘ਤੇ ਦੂਜਾ ਫਾਇਰ ਉਸ ਦੀ ਲੱਤ ‘ਤੇ ਕੀਤਾ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























