ਮੋਹਾਲੀ ਵਿੱਚ ਪੁਲਿਸ ਨੇ ਇੱਕ ਨਕਲੀ IAS ਅਫਸਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇੱਕ ਅਸਲੀ ਅਫਸਰ ਵਾਂਗ ਪੂਰੇ ਇਲਾਕੇ ਵਿੱਚ ਘੁੰਮਦਾ ਸੀ। ਉਹ ਆਪਣੀ ਕਾਰ ‘ਤੇ ਬਕਾਇਦਾ “ਭਾਰਤ ਸਰਕਾਰ” ਲਿਖੀ ਹੋਈ ਪਲੇਟ ਨਾਲ ਗੱਡੀ ਚਲਾਉਂਦਾ ਸੀ। ਦੋਸ਼ੀ ਨੌਕਰੀ ਦਿਵਾਉਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਦਾ ਸੀ।
ਉਸ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਇਸ ਸਬੰਧੀ ਮੁਹਾਲੀ ਥਾਣਾ ਫੇਜ਼-1 ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਉਹ ਦੋ ਵਿਅਕਤੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮੋਹਾਲੀ ਲੈ ਕੇ ਆਇਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਬਾਹਰਲੇ ਰਾਜਾਂ ਤੋਂ ਲੋਕਾਂ ਨੂੰ ਨੌਕਰੀ ਦੇ ਬਹਾਨੇ ਮੋਹਾਲੀ ਲਿਆਉਂਦਾ ਸੀ ਅਤੇ ਮਹਿੰਗੇ ਹੋਟਲਾਂ ਵਿੱਚ ਠਹਿਰਦਾ ਸੀ। ਉਹ ਲੋਕਾਂ ਦੇ ਸਾਹਮਣੇ ਆਪਣੇ ਪ੍ਰਭਾਵਸ਼ਾਲੀ ਸੰਪਰਕ ਦਿਖਾਉਂਦਾ ਸੀ, ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ, ਪਰ ਇਸ ਵਾਰ ਉਸ ਦੇ ਵਤੀਰੇ ਨੇ ਉਸ ਨੂੰ ਫਸਾ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਲੋਕਾਂ ਨੂੰ ਉਸ ਹੋਟਲ ‘ਚ ਲੈ ਕੇ ਆਇਆ ਸੀ ਜਿੱਥੇ ਉਹ ਠਹਿਰਿਆ ਹੋਇਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਹੋ ਗਈ। ਹੋਟਲ ਸਟਾਫ ਨੂੰ ਉਸ ‘ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਿਰਾਸਤ ‘ਚ ਲੈ ਲਿਆ।

ਦੋਸ਼ੀ ਬਹੁਤ ਚਲਾਕ ਹੈ ਅਤੇ ਪੂਰੀ ਤਿਆਰੀ ਨਾਲ ਧੋਖਾਧੜੀ ਕਰਦਾ ਸੀ। ਦੋਸ਼ੀ ਅਪਾਹਜ ਹੈ ਅਤੇ ਉਸ ਨੂੰ ਤੁਰਨ-ਫਿਰਨ ‘ਚ ਦਿੱਕਤ ਆਉਂਦੀ ਹੈ। ਉਸ ਦੀ ਉਮਰ ਵੀ 30 ਤੋਂ 35 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਉਸ ਨੇ ਹਿੰਦੀ ਭਾਸ਼ਾ ਵਿੱਚ ਗੱਲਬਾਤ ਕਰਦਿਆਂ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਜਿਸ ਕਾਰ (RJ-60-CA-5562) ਦੀ ਵਰਤੋਂ ਕਰ ਰਿਹਾ ਸੀ, ਉਹ ਉਸ ਦੀ ਨਹੀਂ, ਸਗੋਂ ਕਿਸੇ ਹੋਰ ਵਿਅਕਤੀ ਦੀ ਸੀ।
ਇਹ ਵੀ ਪੜ੍ਹੋ : ਯੂਟਿਊਬਰ ਰਣਵੀਰ ਇਲਾਹਬਾਦੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਸ਼ੁਰੂ ਹੋ ਸਕੇਗਾ ਸ਼ੋਅ
ਪੁਲਿਸ ਨੇ ਜਦੋਂ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਤਾਂ ਉਸ ਕੋਲੋਂ ਕਈ ਸਰਕਾਰੀ ਵਿਭਾਗਾਂ ਦੇ ਜਾਅਲੀ ਆਈਡੀ ਕਾਰਡ ਅਤੇ ਜਾਅਲੀ ਦਸਤਾਵੇਜ਼ ਬਰਾਮਦ ਹੋਏ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ‘ਚ ਜ਼ਿਆਦਾ ਜਾਣਕਾਰੀ ਦੇਣ ਤੋਂ ਬਚ ਰਹੇ ਹਨ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਸੀਨੀਅਰ ਪੁਲਿਸ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ‘ਚ ਵਿਸਥਾਰ ਨਾਲ ਖੁਲਾਸਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























