ਫਤਿਹਗੜ੍ਹ ਸਾਹਿਬ ਵਿਚ ਇੱਕ ਵਿਆਹੀ ਔਰਤ ਦੀ ਅਚਾਨਕ ਮੌਤ ਹੋ ਜਾਣ ਕਰਕੇ ਹਸਪਤਾਲ ਵਿਚ ਖੂਬ ਹੰਗਾਮਾ ਹੋਇਆ। ਔਰਤ ਦੇ ਪੇਕਾ ਪਰਿਵਾਰ ਨੇ ਉਸ ਦੇ ਪਤੀ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਨੂੰ ਕੁੜੀ ਨਾਲ ਫੋਨ ‘ਤੇ ਗੱਲ ਹੋਈ ਸੀ ਪਰ ਕੋਈ ਵੀ ਅਜਿਹੀ ਗੱਲਬਾਤ ਨਹੀਂ ਸੀ, ਫਿਰ ਅਚਾਨਕ ਹੀ ਪਤੀ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਉਹ ਕਾਫੀ ਸੀਰੀਅਸ ਹੈ। ਇਸ ਮਗਰੋਂ ਪਰਿਵਾਰ ਜਦੋਂ ਪਹੁੰਚਿਆ ਤਾਂ ਕੁੜੀ ਦੀ ਜਾਨ ਜਾ ਚੁੱਕੀ ਸੀ।
ਪਰਿਵਾਰ ਵੱਲੋਂ ਹੁਣ ਕੁੜੀ ਦੇ ਪਤੀ ‘ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਹਨ। ਪੇਕਾ ਪਰਿਵਾਰ ਦਾ ਕਹਿਣਾ ਹੈ ਕਿ ਪਤੀ ਵੱਲੋਂ ਗਲਾ ਘੁੱਟ ਕੇ ਕੁੜੀ ਦੀ ਜਾਨ ਲਈ ਗਈ ਹੈ, ਜਦਕਿ ਪਤੀ ਵੱਲੋਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ। ਇਹ ਮਾਮਲਾ ਥਾਣਾ ਵਡਾਲੀ ਵਾਲਾ ਸਿੰਘ ਦੇ ਅਧੀਨ ਆਉਂਦੇ ਪਿੰਡ ਬੀਬੀਪੁਰ ਤੋਂ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਜਸਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਵਜੋਂ ਹੋਈ ਹੈ। ਮਾਮਲੇ ਵਿਚ ਪੁਲਿਸ ਜਾਂਚ ਕਰ ਰਹੀ ਹੈ।
ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਮੋਰਚਰੀ ਵਿਚ ਰਖਿਆ ਗਿਆ ਹੈ, ਜਿਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਦੌਰਾਨ ਹਸਪਤਾਲ ਵਿਚ ਦੋਹਾਂ ਧਿਰਾਂ ਨੇ ਇੱਕ-ਦੂਜੇ ‘ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਤੇ ਹਸਪਤਾਲ ਵਿਚ ਖੂਬ ਹੰਗਾਮਾ ਹੋਇਆ।

ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਔਰਤ ਦੇ ਪਤੀ ਵੱਲੋਂ ਪਹਿਲਾਂ ਵੀ ਉਸ ਦੀ ਕਈ ਵਾਰ ਕੁੱਟਮਾਰ ਕੀਤੀ ਗਈ ਹੈ ਤੇ ਬੀਤੀ ਰਾਤ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਹੈ, ਜਦਕਿ ਪਤੀ ਦਾ ਕਹਿਣਾ ਹੈ ਕਿ ਰਾਤ ਨੂੰ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਉਸ ਦੀ ਹਾਲਤ ਬਹੁਤ ਖਰਾਬ ਸੀ, ਉਹ ਉਸ ਨੂੰ ਹਸਪਤਾਲ ਲੈ ਕੇ ਪਹੁੰਚਿਆ ਪਰ ਉਸ ਦੀ ਜਾਨ ਜਾ ਚੁੱਕੀ ਸੀ।
ਔਰਤ ਦੇ ਪਰਿਵਾਰ ਨੇ ਦੱਸਿਆ ਕਿ ਜਸਪ੍ਰੀਤ ਕੌਰ ਦਾ ਵਿਆਹ 2019 ਵਿਚ ਗੁਰਸੇਵਕ ਸਿੰਘ ਨਾਲ ਹੋਇਆ ਸੀ। ਕੱਲ੍ਹ ਸ਼ਾਮ 5.30 ਵਜੇ ਤੇ ਫਿਰ ਰਾਤ 9 ਵਜੇ ਉਸ ਨਾਲ ਗੱਲ ਹੋਈ ਸੀ। ਉਸ ਵੇਲੇ ਗੁਰਸੇਵਕ ਘਰ ਨਹੀਂ ਆਇਆ ਸੀ। ਫਿਰ ਰਾਤ 11 ਵਜੇ ਗੁਰਸੇਵਕ ਸਿੰਘ ਦਾ ਫੋਨ ਆਇਆ ਤੇ ਉਸ ਨੇ ਕਿਹਾ ਕਿ ਉਸ ਨੂੰ ਹਾਰਟ ਅਟੈਕ ਆਇਆ ਹੈ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਦੋਸ਼ ਲਾਏ ਕਿ ਗੁਰਸੇਵਕ ਨੇ ਹੀ ਉਸ ਦੀ ਜਾਨ ਲਈ ਹੈ, ਜਦਕਿ ਪਤੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਇਹ ਵੀ ਪੜ੍ਹੋ : ‘ਜਿਥੇ ਮਰਜੀ ਕੁਰਸੀ ਡਾਹ ਲਿਓ…’, ਰਵਨੀਤ ਬਿੱਟੂ ਨੇ ਕਬੂਲਿਆ CM ਮਾਨ ਦਾ Debate ਚੈਲੰਜ
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਔਰਤ ਜਸਪ੍ਰੀਤ ਕੌਰ ਦੀ ਮੌਤ ਦੀ ਹਸਪਤਾਲ ਤੋਂ ਇਤਲਾਹ ਮਿਲੀ ਸੀ। ਉਸ ਦੇ ਭਰਾ ਹਰਚੰਦ ਸਿੰਘ ਵੱਲੋਂ ਪਤੀ ਖਿਲਾਫ ਬਿਆਨ ਲਿਖਾਏ ਗਏ ਹਨ, ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਹੈ, ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























