ਸਾਲ 2022-23 ਦੌਰਾਨ ਸਾਉਣੀ ਦੀਆਂ ਫਸਲਾਂ ਦੀ ਰਹਿੰਦ-ਖੂਹੰਦ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਸਰਕਾਰ ਵੱਲੋਂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਵੱਖ-ਵੱਖ ਤਰ੍ਹਾਂ ਦੀ ਨਵੀਨਤਮ ਖੇਤੀ ਮਸ਼ੀਨਰੀ ਉਪਦਾਨ ‘ਤੇ ਦੇਣ ਲਈ ਜ਼ਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਨਿੱਜੀ ਕਿਸਾਨਾਂ ਨੂੰ 80 ਫੀਸਦ ਅਤੇ 50 ਫੀਸਦ ਦੀ ਦਰ ਨਾਲ ਸਬਸਿਡੀ ਮੁਹੱਈਆ ਕਰਵਾਉਣ ਲਈ ਸਕੀਮ ਉਲੀਕੀ ਗਈ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ‘ਤੇ ਸਬਸਿਡੀ ਦਾ ਲਾਭ ਲੈਣ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ ਚਾਹਵਾਨ ਕਿਸਾਨ 15 ਅਗਸਤ, 2022 ਤੱਕ ਪੰਜਾਬ ਸਰਕਾਰ ਦੀ ਵੈਬਸਾਈਟ agrimachinerypb.com ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ ਅਮਨਜੀਤ ਸਿੰਘ ਵੱਲੋਂ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਉੱਕਤ ਸਕੀਮ ਅਧੀਨ ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਜੀਰੋ ਟਿੱਲ ਡਰਿੱਲ, ਮਲਚਰ, ਪੈਡੀ ਸਟਰਾਅ ਚੌਪਰ, ਸੁਪਰ ਐਸ.ਐਮ.ਐਸ., ਬੇਲਰ ਅਤੇ ਰੇਕ ਆਦਿ ਮਸ਼ੀਨਾਂ ਦੀ ਖਰੀਦ ਕਰ ਕੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਆਨਲਾਈ ਅਪਲਾਈ ਕਰਨ ਲਈ ਆਧਾਰ ਕਾਰਡ ਨਾਲ ਫੋਨ ਲਿੰਕ ਹੋਣਾ ਲਾਜ਼ਮੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਉਨ੍ਹਾ ਇਹ ਵੀ ਦੱਸਿਆ ਕਿ ਇਸ ਸਕੀਮ ਦਾ ਸਿਰਫ ਉਹ ਕਿਸਾਨ ਹੀ ਲਾਭ ਲੈ ਸਕਦੇ ਹਨ ਜਿੰਨ੍ਹਾਂ ਨੇ ਪਿਛਲੇ 4 ਸਾਲਾ ਦੌਰਾਨ (2018-19 ਤੋਂ 2021-22) ਇਸ ਸਕੀਮ ਅਧੀਨ ਕੋਈ ਲਾਭ ਨਹੀਂ ਲਿਆ। ਸਕੀਮ ਦੀਆਂ ਹਦਾਇਤਾਂ ਅਨੂਸਾਰ ਨਿੱਜੀ ਕਿਸਾਨ ਵੱਧ ਤੋਂ ਵੱਧ 2 ਮਸ਼ੀਨਾਂ ਲਈ ਦਰਖਾਸਤ ਦੇ ਸਕਦੇ ਹਨ ਅਤੇ ਸਹਿਕਾਰੀ ਸਭਾਵਾਂ, ਗ੍ਰਾਮ ਪੰਚਾਇਤਾਂ ਲਈ ਘੱਟ ਤੋਂ ਘੱਟ 5 ਲੱਖ ਤੱਕ ਦੀ ਮਸ਼ੀਨਰੀ ਖਰੀਦਣੀ ਲਾਜ਼ਮੀ ਹੋਵੇਗੀ। ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵਿਭਾਗ ਦੇ ਸਬੰਧਤ ਬਲਾਕ ਖੇਤੀਬਾੜੀ ਅਫਸਰ, ਜਿਲ੍ਹਾ ਖੇਤੀਬਾੜੀ ਅਫਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।