ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਪਿੰਡ ਮਾਣੂੰਕੇ ਵਿੱਚ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਰਾਜ਼ੀ ਹੋ ਗਿਆ ਹੈ। ਜਗਰਾਓਂ ਦੇ ਸਿਵਲ ਹਸਪਤਾਲ ‘ਚ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਿਨਾਂ ਪਰਿਵਾਰ ਪੋਸਟਮਾਰਟਮ ਨਾ ਕਰਵਾਉਣ ‘ਤੇ ਹੋਇਆ ਸੀ, ਪੁਲਿਸ ਵੱਲੋਂ ਮਾਮਲੇ ਵਿਚ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮ੍ਰਿਤਕ ਗਗਨਦੀਪ ਦੇ ਘਰ ਪਹੁੰਚੇ ਅਤੇ ਭਰੋਸਾ ਦਿਵਾਇਆ ਕਿ ਤੁਸੀਂ ਸਾਡੇ ਲਈ ਪਰਿਵਾਰ ਵਾਂਗ ਹੀ ਹੋ, ਤੁਹਾਨੂੰ ਇਨਸਾਫ਼ ਦਿਵਾਉਣਾ ਸਾਡੀ ਡਿਊਟੀ ਹੀ ਨਹੀਂ ਜ਼ਿੰਮੇਵਾਰੀ ਵੀ ਹੈ। ਇਸ ਮਾਮਲੇ ‘ਚ ਸਖਤੀ ਨਾਲ ਕੀਤੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ।

ਲੁਧਿਆਣਾ ਦਿਹਾਤੀ ਦੇ ਪੁਲਿਸ ਸੁਪਰਡੈਂਟ (ਡੀ) ਰਾਜਨ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਇਸ ਕਤਲ ਦਾ ਕਬੱਡੀ ਜਾਂ ਕਿਸੇ ਟੂਰਨਾਮੈਂਟ ਨਾਲ ਕੋਈ ਸਬੰਧ ਨਹੀਂ ਹੈ, ਸਗੋਂ ਇਹ ਇੱਕ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਹੈ।
ਪੁਲਿਸ ਸੁਪਰਡੈਂਟ (ਡੀ) ਰਾਜਨ ਸ਼ਰਮਾ ਮੁਤਾਬਕ ਮ੍ਰਿਤਕ ਗਗਨਦੀਪ ਸਿੰਘ ਅਤੇ ਨਾਮਜ਼ਦ ਮੁਲਜ਼ਮਾਂ ਵਿਚਕਾਰ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ। ਦੋਵਾਂ ਗੁੱਟਾਂ ਦੇ ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਕਬੱਡੀ ਖਿਡਾਰੀ ਅਤੇ ਵਿਧਾਇਕ ਦੇ ਭਤੀਜੇ ਗਗਨਦੀਪ ਸਿੰਘ ਦੇ ਕਤਲ ਵਿੱਚ 12 ਤੋਂ ਵੱਧ ਲੋਕ ਸ਼ਾਮਲ ਸਨ। ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ 12 ਤੋਂ 13 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਤਰਨਤਾਰਨ ਵਿਚ ਪੁਲਿਸ ਐਨਕਾਊਂਟਰ ‘ਚ ਬਦਮਾਸ਼ ਢੇਰ, ਸਰਪੰਚ ਦੇ ਕਤਲ ਮਾਮਲੇ ‘ਚ ਸੀ ਸ਼ਾਮਲ
ਪੁਲਿਸ ਨੇ ਐਫਆਈਆਰ ਵਿੱਚ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦੋਂ ਕਿ ਸੱਤ ਤੋਂ ਅੱਠ ਹੋਰ ਅਣਪਛਾਤੇ ਹਨ। ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਗੁਰਸੇਵਕ ਸਿੰਘ ਉਰਫ਼ ਮੋਟਾ, ਨਿੱਕਾ ਸਿੰਘ ਉਰਫ਼ ਘਾਰੂ, ਪ੍ਰਦੀਪ ਦਾਸ ਉਰਫ਼ ਪੱਪਾ, ਜਸਪਾਲ ਸਿੰਘ ਹੰਸਾ (ਸਾਰੇ ਵਾਸੀ ਮਾਣੂੰਕੇ) ਅਤੇ ਗੁਰਦੀਪ ਸਿੰਘ ਵਾਸੀ ਰਾਊਕੇ ਰੋਡ, ਬੱਧਨੀ ਕਲਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਮੁਲਜ਼ਮ ਅਜੇ ਵੀ ਫ਼ਰਾਰ ਹਨ।
ਵੀਡੀਓ ਲਈ ਕਲਿੱਕ ਕਰੋ -:
























