ਅੰਮ੍ਰਿਤਸਰ ਦੇ ਥਾਣਾ ਕੱਥੂਨੰਗਲ ਇਲਾਕੇ ਦੇ ਪਿੰਡ ਝਾਂਡੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਝਾਂਡੇ ਵਿਖੇ ਸਥਿਤ ਜੀਓ ਪੈਟਰੋਲ ਪੰਪ ਨੇੜੇ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਮੋਟਰਸਾਈਕਲ ਸਵਾਰ ਜਸਪਾਲ ਸਿੰਘ (ਪੁੱਤਰ ਗੁਰਭੇਜ ਸਿੰਘ, ਵਾਸੀ ਸਾਰਚੂਰ) ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜਸਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ ਜਸਪਾਲ ਸਿੰਘ ਪੇਸ਼ੇ ਤੋਂ ਗ੍ਰੰਥੀ ਸੀ ਅਤੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਪਿੰਡ ਸੋਹੀਆ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ।

ਹਰ ਰੋਜ਼ ਦੀ ਤਰ੍ਹਾਂ ਉਹ ਆਪਣੀ ਡਿਊਟੀ ‘ਤੇ ਜਾ ਰਿਹਾ ਸੀ ਕਿ ਅਚਾਨਕ ਪਿੱਛੇ ਤੋਂ ਆ ਰਹੀ ਇੱਕ ਗੱਡੀ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ।
ਅੰਮ੍ਰਿਤਸਰ ਦੇ ਪਿੰਡ ਝਾਂਡੇ ਨੇੜੇ ਹੋਏ ਸੜਕ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਗੁੱਸਾ ਭੜਕ ਉੱਠਿਆ। ਉਨ੍ਹਾਂ ਦਾ ਦੋਸ਼ ਹੈ ਕਿ ਥਾਣਾ ਕੱਥੂਨੰਗਲ ਪੁਲਿਸ ਨੂੰ ਕਈ ਵਾਰ ਘਟਨਾ ਦੀ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਵੀ ਪੁਲਿਸ ਵਾਲਾ ਲਗਭਗ ਦੋ ਘੰਟੇ ਤੱਕ ਮੌਕੇ ‘ਤੇ ਨਹੀਂ ਪਹੁੰਚਿਆ।
ਪੁਲਿਸ ਦੀ ਦੇਰੀ ਤੋਂ ਨਾਰਾਜ਼ ਸੈਂਕੜੇ ਲੋਕ ਇਕੱਠੇ ਹੋ ਗਏ ਅਤੇ ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ। ਇਸ ਕਾਰਨ ਸੜਕ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਘੰਟਿਆਂ ਤੱਕ ਆਵਾਜਾਈ ਠੱਪ ਰਹੀ।
ਇਹ ਵੀ ਪੜ੍ਹੋ : ਨਿੱਕੇ ਸਰਦਾਰ ਜੀ ਦਾ ਵੱਡਾ ਸਹਿਯੋਗ, ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸਾਢੇ 4 ਸਾਲਾਂ ਬੱਚੇ ਨੇ ਦਿੱਤੀ ਆਪਣੀ ਗੋਲਕ
ਕੱਥੂਨੰਗਲ ਪੁਲਿਸ ਸਟੇਸ਼ਨ ਦੇ ਏਐਸਆਈ ਅਜੀਤ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਦੋਸ਼ੀ ਵਾਹਨ ਚਾਲਕ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇਗੀ ਅਤੇ ਸਖ਼ਤ ਕਾਰਵਾਈ ਕਰੇਗੀ। ਭਰੋਸਾ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਨੇ ਹਾਈਵੇਅ ‘ਤੇ ਲੱਗਿਆ ਜਾਮ ਖੋਲ੍ਹ ਦਿੱਤਾ ਅਤੇ ਆਵਾਜਾਈ ਬਹਾਲ ਹੋ ਸਕੀ।
ਵੀਡੀਓ ਲਈ ਕਲਿੱਕ ਕਰੋ -:
























