ਤਰਨਤਾਰਨ ‘ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਵੱਡਾ ਐਨਕਾਊਂਟਰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਥਾਣਾ ਸਿਟੀ ਪੱਟੀ ਦੀ ਪੁਲਿਸ ਅਤੇ ਬਦਮਾਸ਼ ਪ੍ਰਭ ਦਾਸੂਵਾਲ ਦੇ ਕਰੀਬੀ ਸਾਥੀ ਵਿਚਕਾਰ ਮੁਕਾਬਲਾ ਹੋਇਆ ਸੀ। ਜਿਵੇਂ ਹੀ ਉਹ ਪੁਲਿਸ ਦੇ ਨਾਕੇ ‘ਤੇ ਪਹੁੰਚਿਆ ਤਾਂ ਦੋਸ਼ੀ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਗੋਲੀਬਾਰੀ ‘ਚ ਉਹ ਜ਼ਖਮੀ ਹੋ ਗਿਆ, ਉਸ ਦੀ ਲੱਤ ‘ਤੇ ਗੋਲੀ ਲੱਗੀ ਹੈ।
ਜ਼ਖ਼ਮੀ ਦੋਸ਼ੀ ਦੀ ਪਛਾਣ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਠੱਕਰਪੁਰਾ ਵਜੋਂ ਹੋਈ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਮੁਤਾਬਕ ਹਰਿੰਦਰ ਪਿਛਲੇ ਕੁਝ ਮਹੀਨਿਆਂ ਤੋਂ ਰਸੂਖਦਾਰ ਲੋਕਾਂ, ਵਕੀਲਾਂ ਅਤੇ ਕਾਰੋਬਾਰੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਸੀ ਅਤੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਪਹਿਲਕਦਮੀ, ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ਕੀਤੀ ਆਨਲਾਈਨ
ਡੀਐਸਪੀ ਲਵਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਦਿਨੀਂ ਵਾਪਰੀਆਂ ਤਿੰਨ ਵਾਰਦਾਤਾਂ ਦਾ ਦੋਸ਼ੀ ਸਰਹਾਣਾ ਮੰਡੀ ਤੋਂ ਪੱਟੀ ਵੱਲ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀ ਨੂੰ ਫੜਨ ਲਈ ਨਾਕਾਬੰਦੀ ਕੀਤੀ ਹੋਈ ਸੀ। ਦੋਸ਼ੀ ਜਿਵੇਂ ਹੀ ਮੋਟਰਸਾਈਕਲ ’ਤੇ ਉੱਥੇ ਪਹੁੰਚਿਆ ਤਾਂ ਉਸ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ ਵੀ ਫਿਰ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਈਆਂ ਜੋਕਿ ਉਸ ਦੀ ਲੱਤ ਵਿਚ ਲੱਗੀ ਹੈ। ਉਸ ਕੋਲੋਂ ਹਥਿਆਰ ਵੀ ਬਰਾਮਦ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
