ਸਿੱਖ ਇਤਿਹਾਸ ਗੁਰੂ ਸਾਹਿਬਾਨਾਂ, ਯੋਧਿਆਂ, ਸੂਰਬੀਰਾਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਹ ਸ਼ਹਾਦਤਾਂ ਕਦੇ ਧਰਮ ਦੀ ਰੱਖਿਆ ਲਈ ਦਿੱਤੀਆਂ ਗਈਆਂ ਤੇ ਕਦੇ ਮਨੁੱਖਤਾ ਦੇ ਭਲੇ ਲਈ। ਇਨ੍ਹਾਂ ਸ਼ਹੀਦਾਂ ਨੇ ਜਿਥੇ ਖੁਦ ਤਸੀਹੇ ਸਹੇ, ਉਥੇ ਵੀ ਆਪਣਾ ਸਰਬੰਸ ਵਾਰਨ ਲੱਗਿਆ ਇਕ ਵਾਰ ਨਹੀਂ ਸੋਚਿਆ ਹੈ। ਸਿੱਖ ਇਤਿਹਾਸ ਵਿਚ ਸ਼ਹਾਦਤ ਦਾ ਇਹ ਸਿਲਿਸਲਾ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਨੂੰ ਮੁਗਲ ਸ਼ਾਸਕ ਜਹਾਂਗੀਰ ਦੇ ਹੁਕਮਾਂ ਅਨੁਸਾਰ ਤੱਤੀ ਤਵੀ ‘ਤੇ ਬਿਠਾਇਆ ਗਿਆ। ਸੀਸ ਉਪਰ ਗਰਮ ਰੇਤ ਪਾਈ ਗਈ ਅਤੇ ਦੇਗ ਵਿਚ ਉਬਾਲਿਆ ਗਿਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪ ਨੇ ਇਸ ਨੂੰ ਅਕਾਲ ਪੁਰਖ ਦਾ ਭਾਨਾ ਮੰਨਿਆ ਤੇ ਸ਼ਾਂਤ ਚਿਤ ਅਡੋਲ ਰਹੇ। ਆਪਣੀ ਇਸ ਅਦੁੱਤੀ ਸ਼ਹਾਦਤ ਸਦਕਾ ਹੀ ਆਪ ਸ਼ਹੀਦਾਂ ਦੇ ਸਿਰਤਾਜ ਅਖਵਾਏ।
ਗੁਰੂ ਅਰਜਨ ਦੇਵ ਜੀ ਦਾ ਜਨਮ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਕੁਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ। ਗੁਰੂ ਰਾਮਦਾਸ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਚੱਕ ਰਾਮਦਾਸਪੁਰ ਦੇ ਸਰੋਵਰ ਦੀ ਖੁਦਾਈ ਦਾ ਅਧੂਰਾ ਕੰਮ ਵੀ ਆਪ ਵਲੋਂ ਪੂਰਾ ਕਰਵਾਇਆ ਗਿਆ।ਗੁਰੂ ਅਰਜਨ ਦੇਵ ਜੀ ਨੇ ਧਰਮ ਦੇ ਪਾੜੇ ਨੂੰ ਖਤਮ ਕਰਨ ਲਈ ਹਰਮਿੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਤੇ ਇਸ ਦੇ ਚਾਰ ਦਰਵਾਜ਼ੇ ਸਾਰੇ ਧਰਮਾਂ ਦੇ ਸ਼ਰਧਾਲੂਆਂ ਲਈ ਰਖਵਾਏ।
ਇਹ ਵੀ ਪੜ੍ਹੋ : ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭੱਟ ਕਵੀਆਂ ਦਾ ਪਹੁੰਚਣਾ
ਆਪ ਨੇ ਸੁਖਮਨੀ, ਬਾਰਹਮਾਂਹ, ਬਾਵਨ ਅੱਖਰੀ, ਫੁਨਹੇ, ਵਾਰਾਂ ਦੀ ਰਚਨਾ ਕੀਤੀ। ਸੁਖਮਨੀ ਸਾਹਿਬ ਦੀ ਬਾਣੀ ਆਪ ਜੀ ਦੀ ਸ਼ਾਹਕਾਰ ਰਚਨਾ ਹੈ। ਸਿੱਖ ਧਰਮ ਦੇ ਵਧਦੇ ਪ੍ਰਭਾਵ ਕਾਰਨ ਮੁਗਲੀਆ ਸਲਤਨਤ ਨੂੰ ਖਤਰਾ ਮਹਿਸੂਸ ਹੋਣ ਲੱਗਾ। ਉਸ ਸਮੇਂ ਦੇ ਮੌਲਵੀ ਮੁਲਾਣਿਆਂ ਨੇ ਜਹਾਂਗੀਹ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਵੱਲੋਂ ਗੁਰ ੂਜੀ ਨੂੰ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਵਿਚ ਕਹੀਆਂ ਗਈਆਂ ਸਤਰਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਲਈ ਕਿਹਾ ਗਿਆ ਪਰ ਗੁਰੂ ਜੀ ਨੇ ਨਾਂਹ ਕਰ ਦਿੱਤੀ। ਇਸ ਲਈ ਮੁਗਲੀਆ ਸਲਤਨਤ ਰੋਹ ਵਿਚ ਆ ਗਈ। ਇਸ ਦੇ ਨਾਲ ਹੀ ਚੰਦੂ ਵੱਲੋਂ ਵੀ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਗਏ ਕਿਉਂਕਿ ਉਹ ਆਪਣੀ ਕੁੜੀ ਦਾ ਰਿਸ਼ਤਾ ਗੁਰੂ ਜੀ ਦੇ ਬੇਟੇ ਹਰਗੋਬਿੰਦ ਨਾਲ ਕਰਨਾ ਚਾਹੁੰਦਾ ਸੀ। ਜਹਾਂਗੀਰ ਦੇ ਹੁਕਮ ਦੁਆਰਾ 30.5.1606 ਨੂੰ ਲਾਹੌਰ ਵਿਖੇ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਸਰੀਰ ਨੂੰ ਰਾਵੀ ਦਰਿਆ ਵਿਚ ਵਹਾ ਦਿੱਤਾ।
ਇਸ ਅਸਥਾਨ ‘ਤੇ ਗੁਰਦੁਆਰਾ ਡੇਰਾ ਸਾਹਿਬ ਪਾਕਿਸਤਾਨ ਵਿਚ ਸੁਸ਼ੋਭਿਤ ਹੈ। ਗੁਰੂ ਜੀ ਨੇ ਜਬਰ ਜ਼ੁਲਮ ਦਾ ਸਾਹਮਣਾ ਕਰਦਿਆਂ ਹੋਇਆਂ ਆਪਾਂ ਕੁਰਬਾਨ ਕਰ ਦਿੱਤਾ ਪਰ ਜ਼ੁਰਮ ਅੱਗੇ ਨਹੀਂ ਝੁਕੇ। ਇਸ ਤਰ੍ਹਾਂ ਗੁਰੂ ਜੀ ਦੀ ਸ਼ਹਾਦਤ ਜ਼ੁਲਮ ਤੇ ਜ਼ਬਰ ਦਾ ਟਾਕਰਾ ਸ਼ਾਂਤੀ ਨਾਲ ਕਰਨ ਦੀ ਆਪਣੇ ਆਪ ਵਿਚ ਇਕ ਮਿਸਾਲ ਹੈ। ਲੋਕ ਰਹਿੰਦੀ ਦੁਨੀਆ ਤੱਕ ਗੁਰੂ ਜੀ ਦੀ ਇਸ ਸ਼ਹਾਦਤ ਨੂੰ ਯਾਦ ਰੱਖਣਗੇ।