ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਵਿਚ ਸਭ ਤੋਂ ਪਹਿਲਾਂ ਸ਼ਹੀਦੀ ਦਿੱਤੀ। ਆਪ ਸਭ ਤੋਂ ਪਹਿਲੇ ਗੁਰੂ ਸਨ ਜਿਨ੍ਹਾਂ ਨੂੰ ਜੰਮਦਿਆਂ ਹੀ ਗੁਰਮਿਤ ਦੀ ਗੁੜ੍ਹਤੀ ਮਿਲੀ ਸੀ। ਉਸ ਸਮੇਂ ਉਨ੍ਹਾਂ ਦੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ‘ਤੇ ਬਿਰਾਜਮਾਨ ਸਨ। ਉਨ੍ਹਾਂ ਨੂੰ ਗੁਰਮਿਤ ਦੀ ਇਹ ਖੁਰਾਕ ਆਪਣੇ ਨਾਨਾ ਗੁਰੂ ਅਮਰਦਾਸ ਜੀ ਤੋਂ ਸਾਢੇ ਗਿਆਰਾਂ ਸਾਲ ਤੱਕ ਮਿਲਦੀ ਰਹੀ। ਗੁਰੂ ਅਰਜਨ ਦੇਵ ਜੀ ਦੇ ਮਨ ਵਿਚ ਬਾਣੀ ਨਾਲ ਸਾਂਝ ਤੇ ਗੁਰਮਤਿ ਪਿਆਰ ਨੂੰ ਵੇਖ ਕੇ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਆਖ ਦਿੱਤਾ ਸੀ ਕਿ ਇਹ ਦੋਹਤਾ, ਬਾਣੀ ਕਾ ਬੋਹਿਥਾ ਹੋਵੇਗਾ।
ਆਪ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਕਹਿਣ ‘ਤੇ ਸੰਨ 1750 ਵਿਚ ਮਾਝੇ ਦੇ ਕੇਂਦਰ ਵਿਚ ਧਰਮ ਪ੍ਰਚਾਰ ਦਾ ਨਵਾਂ ਕੇਂਦਰ ਅਥਵਾ ਨਵਾਂਸ਼ਹਿਰ ਵਸਾਉਣਾ ਸ਼ੁਰੂ ਕਰ ਦਿੱਤਾਸੀ ਜੋ ਕਿ ਪਹਿਲਾਂ ‘ਗੁਰੂ ਕਾ ਚੱਕ’ ਤੇ ਬਾਅਦ ਵਿਚ ਸ੍ਰੀ ਅੰਮ੍ਰਿਤਸਰ ਦੇ ਨਾਂ ਨਾਲ ਸਾਰੇ ਸੰਸਾਰ ਵਿਚ ਮਸ਼ਹੂਰ ਹੋਇਆ। ਸੰਨ 1574 ਵਿਚ ਗੁਰੂ ਅਮਰਦਾਸ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਨਗਰ ਦੀ ਉਸਾਰੀ ਦਾ ਕੰਮ ਹੋਰ ਤੇਜ਼ੀ ਫੜ ਲਿਆ।
ਗੁਰੂ ਅਰਜਨ ਦੇਵ ਜੀ ਸਮੇਂ ਸ੍ਰੀ ਅੰਮ੍ਰਿਤਸਰ ਸ਼ਹਿਰ ਦਾ ਸਰਬਪੱਖੀ ਵਿਕਾਸ ਤੇ ਸਿੱਖਾਂ ਦੀ ਧਾਰਮਿਕ ਰਾਜਧਾਨੀ ਦਾ ਰੂਪ ਗ੍ਰਹਿਣ ਕਰਨਾ, ਕੇਂਦਰੀ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਾ ਹੋਂਦ ਵਿਚ ਆਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਣੀ, ਸਿੱਖ ਪ੍ਰਭਾਵੀ ਨਗਰਾਂ ਦਾ ਵਸਾਇਆ ਜਾਣਾ, ਮਸੰਦਾਂ ਨੂੰ ਸੰਗਠਿਤ ਕਰਕੇ ਸਾਰੇ ਦੇਸ਼ ਦੇ ਸਿੱਖਾਂ ਨੂੰ ਧਾਰਮਿਕ ਤੇ ਸਮਾਜਿਕ ਤੌਰ ‘ਤੇ ਜਥੇਬੰਦ ਕਰਨਾ। ਇਨ੍ਹਾਂ ਮਹਾਨ ਕਾਰਜਾਂ ਕਰਕੇ ਗੁਰੂ ਜੀ ਇੱਕ ਕੌਮੀ ਉਸਰਈਏ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ।
ਗੁਰੂ ਰਾਮਦਾਸ ਜੀ ਨੇ ਅਗਸਤ 1581 ਵਿਚ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਸ ਸਮੇਂ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ 4 ਮਹੀਨੇ ਸੀ। ਗੁਰੂ ਰਾਮਦਾਸ ਜੀ ਨੇ ਭਰੇ ਦਰਬਾਰ ਵਿਚ ਆਪ ਜੀ ਨੂੰ ਮੱਥਾ ਟੇਕਿਆ ਤੇ ਬਾਕੀ ਸੰਗਤਾਂ ਨੇ ਵੀ ਇੰਝ ਹੀ ਕੀਤਾ। ਆਪ ਜੀ ਨੇ ਬਾਣੀ ਦਾ ਸਾਰਾ ਖਜ਼ਾਨਾ ਵੀ ਗੁਰੂ ਅਰਜਨ ਦੇਵ ਜੀ ਨੂੰ ਭੇਟ ਕਰ ਦਿੱਤਾ।