ਪੰਜਾਬ ਵਿਚ ਚਲਾਏ ਜਾ ਰਹੇ ਬੁਲਡੋਜ਼ਰ ਐਕਸ਼ਨ ਖਿਲਾਫ ਦਿੱਤੇ ਇੱਕ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਹੁਣ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਕਿਹਾਕਿ ਮੈਂ ਪੰਜਾਬ ਪੁਲਿਸ ਤੇ ਸਰਕਾਰ ਦੇ ਪੂਰੇ ਸਮਰਥਨ ਵਿਚ ਹਾਂ।
ਹਰਭਜਨ ਸਿੰਘ ਨੇ ਟਵੀਟ ਕਰਕੇ ਆਪਣੇ ਪਹਿਲੇ ਬਿਆਨ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਭੱਜੀ ਨੇ ਲਿਖਿਆ ਮੈਂ ਇਹ ਗੱਲ ਪੂਰੀ ਤਰ੍ਹਾਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਆਪ ਸਰਕਾਰ ਡਰੱਗ ਤਸਕਰਾਂ ਖਿਲਾਫ ਇੰਨੀ ਸਖ਼ਤ ਕਾਰਵਾਈ ਕਰਨ ਵਾਲੀ ਪਹਿਲੀ ਸਰਕਾਰ ਹੈ। ਮੈਂ ਪੰਜਾਬ ਪੁਲਿਸ ਅਤੇ ਸਰਕਾਰ ਦਾ ਪੂਰਾ ਸਮਰਥਨ ਕਰਦਾ ਹਾਂ। ਆਖਿਰਕਾਰ ਸਾਡੇ ਕੋਲ ਇੱਕ ਅਜਿਹੀ ਸਰਕਾਰ ਹੈ ਜੋ ਨਸ਼ਿਆਂ ਦੇ ਖਾਤਮੇ ਲਈ ਗੰਭੀਰ ਹੈ ਅਤੇ ਸੰਦੇਸ਼ ਸਪੱਸ਼ਟ ਹੈ। ਅਸੀਂ ਮਿਲ ਕੇ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਜਿੱਤਾਂਗੇ। ਆਓ ਆਪਣੇ ਮਹਾਨ ਸੂਬੇ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਕਰੀਏ।
ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ ਸੀ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦਾ ਘਰ ਢਾਹੁਣਾ ਗਲਤ ਹੈ ਅਤੇ ਉਹ ਇਸ ਦੇ ਹੱਕ ਵਿੱਚ ਨਹੀਂ ਹਨ। ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਤੋਂ ਇਲਾਵਾ ਕੋਈ ਹੋਰ ਕਦਮ ਚੁੱਕਣਾ ਚਾਹੀਦਾ ਹੈ। ਹਰਭਜਨ ਸਿੰਘ ਨੇ ਕਿਹਾ ਸੀ ਕਿ ਕਿਸੇ ਦਾ ਘਰ ਢਾਹੁਣ ਨਾਲ ਉਸ ਮਕਾਨ ਦੀ ਛੱਤ ਹੇਠਾਂ ਰਹਿਣ ਵਾਲੇ ਲੋਕਾਂ ‘ਤੇ ਵੀ ਅਸਰ ਪੈਂਦਾ ਹੈ। ਹਰਭਜਨ ਨੇ ਕਿਹਾ ਸੀ ਕਿ ਮੈਂ ਇਸ ਗੱਲ ਦਾ ਸਮਰਥਨ ਨਹੀਂ ਕਰਦਾ ਕਿ ਕਿਸੇ ਨੂੰ ਨਸ਼ਾ ਵੇਚਣਾ ਚਾਹੀਦਾ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਜੇ ਕਿਸੇ ਦਾ ਘਰ ਢਹਿ ਜਾਂਦਾ ਹੈ ਤਾਂ ਉਸ ਦੇ ਬਾਕੀ ਪਰਿਵਾਰ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਨੂੰ ਫੜਿਆ ਜਾਵੇ। ਇਸ ਦੇ ਨਾਲ ਹੀ ਹਰਭਜਨ ਸਿੰਘ ਨੇ ਕਿਹਾ ਸੀ ਕਿ ਜੇਕਰ ਕੋਈ ਸਰਕਾਰੀ ਜਾਇਦਾਦ ਜਾਂ ਜ਼ਮੀਨ ‘ਤੇ ਕਬਜ਼ਾ ਕਰਦਾ ਹੈ ਤਾਂ ਸਰਕਾਰ ਉਸ ਵਿਰੁੱਧ ਠੋਸ ਕਾਰਵਾਈ ਕਰੇ ਤਾਂ ਕੋਈ ਗਲਤ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 IAS-PCS ਅਧਿਕਾਰੀਆਂ ਦੇ ਤਬਾਦਲੇ, ਲੁਧਿਆਣਾ ਨੂੰ ਮਿਲਿਆ ਨਵਾਂ ਡਿਪਟੀ ਕਮਿਸ਼ਨਰ
ਦੱਸ ਦੇਈਏ ਦੂਜੇ ਪਾਸੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਨੇ ਕਿਹਾ ਸੀ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰ ਜਾਣਦੀ ਹੈ ਕਿ ਨਸ਼ਿਆਂ ਦਾ ਕਾਰੋਬਾਰ ਕਿਵੇਂ ਖਤਮ ਕਰਨਾ ਹੈ। ਉਨ੍ਹਾਂ ਨਸ਼ਾ ਸਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਾਂ ਤਾਂ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਾਂ ਪੰਜਾਬ ਛੱਡ ਦੇਣ। ਇਸ ਦੌਰਾਨ ਪਾਰਟੀ ਆਗੂ ਸੋਮਨਾਥ ਭਾਰਤੀ ਨੇ ਕਿਹਾ ਕਿ ਹਰਭਜਨ ਸਿੰਘ ਨੂੰ ਪਾਰਟੀ ਲਾਈਨ ਤੋਂ ਬਚਦੇ ਹੋਏ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
