ਮੋਗਾ ਵਿੱਚ ਇੱਕ ਕਬੱਡੀ ਖਿਡਾਰੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਬੱਡੀ ਖਿਡਾਰੀ ਸੁਰਜੀਤ ਸਿੰਘ ਰੋਤਾ ਆਪਣੀ ਗੱਡੀ ਵਿਚ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ। ਹਾਦਸਾ ਸ਼ਨੀਵਾਰ ਰਾਤ ਨੂੰ ਪਿੰਡ ਖੋਟੇ ਨੇੜੇ ਵਾਪਰਿਆ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਸੁਰਜੀਤ ਸਿੰਘ ਆਪਣੇ ਇੱਕ ਦੋਸਤ ਨਾਲ ਗੱਡੀ ਵਿਚ ਬਾਘਾਪੁਰਾਣਾ ਤੋਂ ਆਪਣੇ ਪਿੰਡ ਰੋਤਾ ਜਾ ਰਿਹਾ ਸੀ। ਇਸ ਦੌਰਾਨ ਕਾਰ ਇੱਕ ਟੋਏ ਵਿੱਚ ਡਿੱਗ ਗਈ। ਦਰਅਸਲ ਪਿੰਡ ਖੋਟੇ ਦੇ ਕੋਲ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ, ਜਿਸ ਕਰਕੇ ਉਥੇ ਟੋਇਆ ਪਿਆ ਹੋਇਆ ਸੀ। ਹਾਦਸੇ ਦਾ ਕਾਰਨ ਲਾਪਰਵਾਹੀਆਂ ਮੰਨੀਆਂ ਜਾ ਰਹੀਆਂ ਹਨ, ਦਰਅਸਲ ਉਥੇ ਨਾ ਤਾਂ ਕੋਈ ਚਿਤਾਵਨੀ ਦਾ ਬੋਰਡ ਲੱਗਾ ਹੋਇਆ ਸੀ ਤੇ ਨਾ ਹੀ ਐਮਰਜੈਂਸੀ ਲਾਈਟਾਂ ਸਨ, ਜਿਸ ਕਰਕੇ ਟੋਇਆ ਨਜ਼ਰ ਨਹੀਂ ਆਇਆ ਤੇ ਇਹ ਭਾਣਾ ਵਾਪਰ ਗਿਆ। ਇਸ ਹਾਦਸੇ ਵਿਚ ਸੁਰਜੀਤ ਦੇ ਸਾਥੀ ਨੂੰਵੀ ਗੰਭੀਰ ਸੱਟਾਂ ਲੱਗੀਆਂ ਹਨ।

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਪਰ ਹਨੇਰਾ ਹੋਣ ਕਾਰਨ ਇਹ ਸਪੱਸ਼ਟ ਨਹੀਂ ਹੈ। ਸਥਾਨਕ ਲੋਕਾਂ ਮੁਤਾਬਕ ਇਸ ਥਾਂ ‘ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸੁਰਜੀਤ ਇੱਕ ਹੋਣਹਾਰ ਅਤੇ ਮਿਹਨਤੀ ਖਿਡਾਰੀ ਸੀ।
ਇਹ ਵੀ ਪੜ੍ਹੋ : ਮਾਲਵੇ ਵਾਲਿਆਂ ਲਈ ਖੁਸ਼ਖਬਰੀ, ਚੰਡੀਗੜ੍ਹ ਤੱਕ ਸਫਰ ਹੋਵੇਗਾ ਸੌਖਾ, ਚਿਰੋਕਣੇ ਲਟਕੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ
ਪਰਿਵਾਰ ਅਤੇ ਪਿੰਡ ਵਾਲਿਆਂ ਨੇ ਸੜਕ ਨਿਰਮਾਣ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਧਰਨਾ ਲਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਅਤੇ ਨਾ ਹੀ ਪੋਸਟਮਾਰਟਮ ਲਈ ਕੋਈ ਕਾਰਵਾਈ ਕੀਤੀ ਗਈ ਹੈ।
ਜਦੋਂ ਇਸ ਹਾਦਸੇ ਸਬੰਧੀ ਨਿਹਾਲ ਸਿੰਘ ਵਾਲਾ ਥਾਣੇ ਦੇ ਥਾਣਾ ਮੁਖੀ ਨਾਲ ਫ਼ੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਅਤੇ ਵਿਰੋਧ ਪ੍ਰਦਰਸ਼ਨ ਬਾਰੇ ਹੁਣੇ ਪਤਾ ਲੱਗਾ ਹੈ। ਅਸੀਂ ਮੌਕੇ ‘ਤੇ ਜਾ ਰਹੇ ਹਾਂ ਅਤੇ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ ਉਹ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























