ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਜਿਵੇਂ ਹੀ ਭਾਜਪਾ ਵਿਚ ਸ਼ਾਮਲ ਹੋਏ ਤਾਂ ਪੰਜਾਬ ਦੀ ਸਿਆਸਤ ਵਿਚ ਭੂਚਾਲ ਆ ਗਿਆ। ਭਾਜਪਾ ਦੀ ਸਾਬਕਾ ਕੈਬਨਿਟ ਮੰਤਰੀ ਲਕਸ਼ਮੀਕਾਂਤ ਚਾਵਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ‘ਤੇ ਕਿਹਾ ਕਿ ‘ਦਲ ਬਦਲਣਾ ਆਪਣੇ ਵੋਟਰਾਂ ਨਾਲ ਧੋਖਾ ਹੈ’।
ਦੱਸ ਦੇਈਏ ਕਿ ਲਕਸ਼ਮੀ ਕਾਂਤਾ ਚਾਵਲਾ ਨੇ ਲੰਬਾ ਸਮਾਂ ਸਿਆਸਤ ਨੂੰ ਦਿੱਤਾ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਏ ਦਿਨ ਵੱਖ-ਵੱਖ ਪਾਰਟੀ ਦੇ ਆਗੂਆਂ ਵੱਲੋਂ ਦਲ ਬਦਲੇ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੀ ਨਹੀਂ ਸਗੋਂ ਮਹਾਰਾਸ਼ਟਰ, ਗੁਜਰਾਤ, ਬੰਗਾਲ, ਹਰਿਆਣਾ, ਬਿਹਾਰ ਸਭ ਪਾਸੇ ਦਲ ਬਦਲੇ ਜਾ ਰਹੇ ਹਨ। ਉਨ੍ਹਾਂ ਇਸ ਨੂੰ ਆਰਥਿਕ ਭ੍ਰਿਸ਼ਟਾਚਾਰ ਦਾ ਨਾਂ ਦਿੱਤਾ ਜੋ ਕਿ ਰਾਜਨੀਤਕ ਭ੍ਰਿਸ਼ਟਾਚਾਰ ਤੋਂ ਵੀ ਵੱਡਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦੇ ਨਾਲ ਹੀ ਨਹੀਂ ਸਗੋਂ ਵੋਟਰਾਂ ਨਾਲ ਵੀ ਧੋਖਾ ਹੈ ਜਿਨ੍ਹਾਂ ਦੇ ਵੋਟ ਲੈ ਕੇ ਅਸੀਂ ਆਕਾਸ਼ ਵਿਚ ਉਡਦੇ ਰਹੇ, ਮੁਫਤ ਹਵਾਈ ਜਹਾਜ਼ ਦੀ ਯਾਤਰਾ ਕਰਦੇ ਰਹੇ ਤੇ ਠੰਡੇ ਕਮਰਿਆਂ ਵਿਚ ਬੰਦ ਰਹੇ। ਹੁਣ ਉਸ ਪਾਰਟੀ ਨੂੰ ਛੱਡ ਕੇ ਤੁਸੀਂ ਹੋਰ ਪਾਰਟੀ ਵਿਚ ਜਾ ਰਹੇ ਹਨ।
ਵੱਡੀ ਗੱਲ ਇਹ ਹੈ ਕਿ ਰਵਨੀਤ ਬਿੱਟੂ ਬੇਅੰਤ ਸਿੰਘ ਦਾ ਪੋਤਾ ਹੈ। ਮੈਨੂੰ ਲੱਗਦਾ ਹੈ ਕਿ ਅੱਜ ਬੇਅੰਤ ਸਿੰਘ ਦੀ ਆਤਮਾ ਦੁਖੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੀ ਪਾਰਟੀ ਲਈ ਵਫਾਦਾਰ ਨਹੀਂ ਹਨ ਉਹ ਸਾਡੇ ਲਈ ਕਿੰਨੀ ਦੇਰ ਤੱਕ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਸਿਆਸੀ ਭੂਚਾਲ ਨਹੀਂ ਹੈ, ਸਗੋਂ ਲੋਕਾਂ ਨੂੰ ਆਪਣੇ ਜਨ ਪ੍ਰਤੀਨਿਧਾਂ ਦੀ ਅਸਲੀਅਤ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਬਦਲਣ ਪਿੱਛੇ ਜ਼ਰੂਰ ਕੋਈ ਨਾ ਕੋਈ ਕਾਰਨ ਹੁੰਦਾ ਹੈ। ਰਾਤੋਂ-ਰਾਤ ਪਾਰਟੀਆਂ ਨਹੀਂ ਬਦਲੀਆਂ ਜਾਂਦੀਆਂ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਨਹੀਂ ਮਿਲੀ ਕੋਰਟ ਤੋਂ ਕੋਈ ਵੀ ਰਾਹਤ, ਗ੍ਰਿਫਤਾਰੀ ਵਿਰੁੱਧ ਹੁਣ 3 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਪਾਰਟੀ ਵਿਚ ਕੋਈ ਸਿਧਾਂਤਕ ਮਤਭੇਦ ਹੈ ਤਾਂ ਉਸ ਨੂੰ ਘਰ ਪਾਰਟੀ ਨਾਲ ਬੈਠ ਕੇ ਵਿਚਾਰ-ਚਰਚਾ ਕਰਨੀ ਚਾਹੀਦੀ ਹੈ। ਜਾਂ ਫਿਰ ਕੋਈ ਲਾਭ ਨਾ ਲਓ। MP ਬਣ ਕੇ, ਸੱਤਾ ਦਾ ਸੁੱਖ ਭੋਗ ਕੋ ਤੇ ਹੁਣ ਦਲ ਬਦਲ ਲਓ। ਦਲ ਬਦਲਣ ਕਾਰਨ ਲੋਕਾਂ ਦਾ ਜਨ ਪ੍ਰਤੀਨਿਧੀਆਂ ਵਿਚ ਵਿਸ਼ਵਾਸ ਬਹੁਤ ਹੀ ਘੱਟ ਹੋ ਰਿਹਾ ਹੈ। ਅਫਸੋਸ ਕਿ ਭਾਰਤ ਵਿਚ ਇਸ ਬਾਰੇ ਕੋਈ ਕਾਨੂੰਨ ਨਹੀਂ ਬਣਿਆ ਹੈ। ਇਸ ਵਿਚ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਗੋਂ ਵੋਟਰਾਂ ਨੂੰ ਹੁਣ ਜਨਪ੍ਰਤੀਨਿਧਾਂ ਦੀ ਪਛਾਣ ਕਰਕੇ ਵੋਟ ਪਾਣੀ ਚਾਹੀਦੀ ਹੈ। ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਮੈਂ ਭਾਜਪਾ ਵਰਕਰ ਹੋਣ ਦੇ ਨਾਤੇ ਇਹ ਗੱਲ ਨਹੀਂ ਕਰ ਰਹੀ ਸਗੋਂ ਮੈਂ ਸਮਾਜਿਕ ਕਾਰਜਕਰਤਾ ਰਹੀ ਹਾਂ। ਮੈਂ ਪੱਖਪਾਤ ਤੋਂ ਦੂਰ ਹਾਂ। ਦਲ ਬਦਲਣਾ ਇਹ ਸਿਰਫ ਪਾਰਟੀ ਨਾਲ ਧੋਖਾ ਨਹੀਂ ਸਗੋਂ ਵੋਟਰਾਂ ਨਾਲ ਧੋਖਾ ਹੈ।