Both brothers and sisters blind : ਸਿਆਣੇ ਕਹਿੰਦੇ ਨੇ ਕੇ ਜੇ ਅੱਖਾਂ ਗਈਆਂ ਤਾਂ ਜਹਾਨ ਗਿਆ। ਬਿਨਾਂ ਅੱਖਾਂ ਦੇ ਅਸੀਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨੀ ਕਰ ਸਕਦੇ। ਪਰ ਸੋਚੋ ਜੇਕਰ ਇੱਕੋ ਪਰਿਵਾਰ ਦੇ ਦੋ ਮੈਂਬਰ ਅੱਖਾਂ ਤੋਂ ਅੰਨ੍ਹੇ ਹੋ ਜਾਣ ਤੇ ਉਨ੍ਹਾਂ ਨੂੰ ਸੰਭਾਲਣ ਵਾਲਾ ਜਾ ਸਹਾਰਾ ਦੇਣ ਵਾਲਾ ਵੀ ਕੋਈ ਨਾ ਹੋਵੇ ਤਾਂ ਉਹ ਕਿਹੋ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਹੋਣਗੇ। ਦਰਅਸਲ ਜ਼ਿਲ੍ਹਾ ਤਰਨਤਾਰਨ ਦੇ ਤਹਿਸੀਲ ਪੱਟੀ ਅਤੇ ਘਰਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਪੂਨੀਆਂ ਦੇ ਵਿੱਚ ਇੱਕ ਪਰਿਵਾਰ ਤੇ ਕੁਦਰਤ ਦੀ ਅਜੇਹੀ ਮਾਰ ਪਈ ਹੈ ਕੇ ਉਹ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕਿਉਂਕਿ ਇਸ ਪਰਿਵਾਰ ਵਿੱਚ ਸਿਰਫ ਦੋ ਹੀ ਜੀ ਹਨ ਅਤੇ ਇਹ ਦੋਵੇਂ ਰਿਸ਼ਤੇ ਵਿੱਚ ਭੈਣ ਭਰਾ ਹਨ ਅਤੇ ਦੋਵੇਂ ਦੀਆਂ ਹੀ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਪਿੰਡ ਪੂਨੀਆਂ ਦੇ ਰਹਿਣ ਵਾਲੇ ਸਵਰਨ ਸਿੰਘ ਅਤੇ ਉਸਦੀ ਭੈਣ ਦੇਵੀ ਕੌਰ ਇਨ੍ਹਾਂ ਦੋਵਾਂ ਦੀਆਂ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਇਸ ਪਰਿਵਾਰ ਦੇ ਘਰ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਜਿਸ ਕਾਰਨ ਪਰਿਵਾਰ ਰੱਬ ਕੋਲੋਂ ਭਰੇ ਮਨ ਨਾਲ ਮੌਤ ਮੰਗ ਰਿਹਾ ਹੈ। ਜਦੋ ਪੱਤਰਕਾਰਾਂ ਦੀ ਟੀਮ ਨੇ ਇਨ੍ਹਾਂ ਦੇ ਘਰ ਜਾ ਕੇ ਵੇਖਿਆ ਕਿ ਨਾ ਇਸ ਘਰ ਦੇ ਵਿੱਚ ਕੋਈ ਪਖਾਨਾ-ਬਾਥਰੂਮ ਹੈ, ਨਾ ਹੀ ਬਿਜਲੀ ਨਾ ਪਾਣੀ। ਪਾਣੀ ਵਾਸਤੇ ਇੱਕ ਨਲਕਾ ਲੱਗਾ ਹੋਇਆ ਹੈ ਤਾਂ ਉਸ ਵਿੱਚ ਵੀ ਪਾਣੀ ਨਹੀਂ ਆ ਰਿਹਾ ਜਿਵੇਂ ਕਿ ਕੁਦਰਤ ਵੀ ਇਨ੍ਹਾਂ ਨੂੰ ਆਪਣੀ ਮਾਰ ਮਾਰ ਰਹੀ ਹੋਵੇ। ਘਰ ਦੇ ਵਿੱਚ ਰੋਟੀ ਪਕਾਉਣ ਵਾਸਤੇ ਚੁੱਲ੍ਹਾ ਤਾਂ ਹੈ ਪਰ ਉਸ ਤੇ ਰੋਟੀ ਪਕਾਉਣ ਵਾਲਾ ਕੋਈ ਨਹੀਂ ਹੈ।
ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਅੱਖਾਂ ਤੋਂ ਅੰਨ੍ਹਾ ਇਹ ਪਰਿਵਾਰ ਦੋ ਵਕਤ ਦੀ ਰੋਟੀ ਨੂੰ ਤਾਂ ਦੂਰ ਇੱਕ ਵਕਤ ਦੀ ਰੋਟੀ ਤੋਂ ਵੀ ਆਤਰ ਹੈ। ਜਦੋ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਸਵਰਨ ਸਿੰਘ ਨੇ ਦੱਸਿਆ ਕਿ ਕੁੱਝ ਚਿਰ ਪਹਿਲਾਂ ਕੰਮ ਕਰਦੇ ਸਮੇਂ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਇਲਾਜ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੈਸਾ ਨਾ ਹੋਣ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਉਨ੍ਹਾਂ ਤੋਂ ਪਹਿਲਾਂ ਨੇਤਰਹੀਣ ਸੀ ਜਿਸ ਕਾਰਨ ਘਰ ਦਾ ਗੁਜ਼ਾਰਾ ਬਿਲਕੁਲ ਠੱਪ ਹੋਇਆ ਪਿਆ ਹੈ ਉਨ੍ਹਾਂ ਦੱਸਿਆ ਕਿ ਉਹ ਜੋ ਇੱਕ ਵਕਤ ਦੀ ਰੋਟੀ ਖਾਂਦੇ ਹਨ ਉਹ ਵੀ ਜਾਂ ਗੁਰਦੁਆਰੇ ਤੋਂ ਸੇਵਾ ਕਰਕੇ ਕੋਈ ਬਾਬਾ ਉਨ੍ਹਾਂ ਨੂੰ ਦੇ ਜਾਂਦਾ ਹੈ ਜਾਂ ਗਲੀ ਗਵਾਂਢ ਕੋਈ ਉਨ੍ਹਾਂ ਨੂੰ ਦੋ ਫੁਲਕੇ ਦੇ ਦਿੰਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦਾ ਕੋਈ ਹਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਰਾਤ ਨੂੰ ਉਹ ਮੱਛਰ ਦੇ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਹਨ ਅਤੇ ਗਰਮੀਆਂ ਵਿੱਚ ਉਨ੍ਹਾਂ ਨੇ ਨਰਕ ਭਰੀ ਜ਼ਿੰਦਗੀ ਬਤੀਤ ਕੀਤੀ ਹੈ। ਜੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਉਹ ਗੁਆਂਢ ਵਿੱਚੋਂ ਕਿਸੇ ਤੋਂ ਮੰਗ ਕੇ ਪਾਣੀ ਲੈ ਲੈਂਦੇ ਹਨ ਤੇ ਲੈਟਰੀਨ ਬਾਥਰੂਮ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੀ ਪੰਚਾਇਤ ਨੇ ਸਿਰਫ ਢਾਂਚਾ ਖੜ੍ਹਾ ਕਰਕੇ ਖਾਨਾਪੂਰਤੀ ਕੀਤੀ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਮਾਜ ਸੇਵੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਆ ਸਕਣ।