ਵਿਜੀਲੈਂਸ ਬਿਊਰੋ ਦੀ ਬਠਿੰਡਾ ਰੇਂਜ਼ ਵੱਲੋਂ ਆਰ.ਟੀ.ਏ. ਦਫਤਰ ਬਠਿੰਡਾ ਵਿਚ ਕੀਤੀ ਗਈ ਰੇਡ ਦੌਰਾਨ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ, ਜਿਸ ਵਿਚ ਅਣਫਿੱਟ ਗੱਡੀਆਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ‘ਤੇ ਰਜਿਸਟਰਡ ਕਰਕੇ ਆਮ ਲੋਕਾਂ ਨੂੰ ਮਹਿੰਗੇ ਭਾਅ ਵੇਚਿਆ ਗਿਆ।
ਇਸ ਮਾਮਲੇ ਵਿਚ ਦੋ ਲੋਕਾਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਨਵੀਨ ਕੁਮਾਰ ਵਾਸੀ ਐਨ.ਐਫ ਐਲ. ਕਾਲੋਨੀ ਬਠਿੰਡਾ ਅਤੇ ਇੰਦਰਜੀਤ ਸਿੰਘ, ਵਾਸੀ ਧੋਬੀਆਣਾ ਰੋਡ, ਬਠਿੰਡਾ ਦੇ ਨਾਂ ਸ਼ਾਮਲ ਹਨ। ਇਸ ਮਾਮਲੇ ਵਿੱਚ ਕਬਾੜ ਗੱਡੀਆਂ ਨੂੰ ਮੋਡੀਫਾਈ ਕਰਨ ਵਾਲਾ ਨਾਗਪਾਲ ਬਾਡੀ ਮੇਕਰ ਫਰਮ ਦੇ ਮਾਲਕ ਨਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਜੀਲੈਂਸ ਬਿਊਰੋ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਦਫਤਰ ਦੀ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਉਕਤ ਮੁਲਜ਼ਮਾਂ ਨੇ ਪਿਛਲੇ ਦਿਨੀਂ 1993 ਤੇ 1996 ਮਾਡਲ ਦੀਆਂ ਮਹਿੰਦਰਾ ਐਡ ਮਹਿੰਦਰਾ ਕੰਪਨੀ ਦੀਆਂ 5 ਕੰਡਮ ਜੀਪਾਂ/ ਗੱਡੀਆਂ ਦੀਆਂ ਗੁਜਰਾਤ ਸੂਬੇ ਵਿੱਚੋਂ ਐਨ.ਓ.ਸੀ. ਜਾਰੀ ਕਰਵਾਈਆਂ ਗਈਆਂ ਸਨ ਜਦਕਿ ਇਹ ਗੱਡੀਆਂ ਬਠਿੰਡਾ ਪਹੁੰਚੀਆਂ ਹੀ ਨਹੀਂ। ਉਕਤ ਵਿਅਕਤੀਆਂ ਨੇ ਕਬਾੜ ਵਿੱਚੋਂ 5 ਗੱਡੀਆਂ ਖਰੀਦ ਕੇ ਉਨ੍ਹਾਂ ਉਪਰ ਆਰ.ਟੀ.ਏ. ਦਫਤਰ ਬਠਿੰਡਾ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਕੰਡਮ ਗੱਡੀਆਂ ਦੀਆਂ ਗੁਜਰਾਤ ਵਿੱਚੋਂ ਐਨ.ਓ.ਸੀ. ਬਣਵਾਈਆਂ ਅਤੇ ਇਨ੍ਹਾਂ ਦੇ ਅਧਾਰ ਉੱਤੇ ਰਾਜੇਸ਼ ਟੁਟੇਜਾ ਨਾਮੀ ਵਿਅਕਤੀ ਨਾਲ ਕਿਰਾਇਆ-ਨਾਮਾ ਲਿਖਕੇ ਉਸ ਦਾ ਪਤਾ ਉਸ ਦੀ ਮਰਜ਼ੀ ਤੋਂ ਬਗੈਰ ਪਾ ਦਿੱਤਾ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਕਬਾੜ ਵਾਲੀਆਂ ਗੱਡੀਆਂ ਨੂੰ ਨਾਗਪਾਲ ਬਾਡੀ ਮੇਕਰ, ਸਿਰਸਾ ਰੋਡ, ਡੱਬਵਾਲੀ ਤੋਂ ਮੋਡੀਫਾਈ ਕਰਵਾਇਆ ਅਤੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਉਪਰ ਆਰ.ਟੀ.ਏ. ਦਫਤਰ ਬਠਿੰਡਾ ਵਿਖੇ ਰਜਿਸਟਰਡ ਕਰਵਾਕੇ ਭੋਲੇ-ਭਾਲੇ ਲੋਕਾਂ ਨੂੰ ਮਹਿੰਗੀ ਕੀਮਤ ‘ਤੇ ਵੇਚ ਦਿੱਤਾ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਨ/ਸ਼ਾ ਤ.ਸਕ/ਰ ਦਾ ਨਵਾਂ ਬਣ ਰਿਹਾ ਘਰ ਢਾਹਿਆ, ਲੋਕਾਂ ਨੇ ਕੀਤੀ SSP ਪ੍ਰਗਿਆ ਜੈਨ ਦੀ ਤਾਰੀਫ
ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਨਾਗਪਾਲ ਬਾਡੀ ਮੇਕਰ, ਡੱਬਵਾਲੀ, ਹਰਿਆਣਾ ਵਿਖੇ ਰੇਡ ਕਰਕੇ ਮੋਡੀਫਾਈ ਕੀਤੀਆਂ 5 ਜੀਪਾਂ ਨੂੰ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ ਕਰੀਬ 25 ਲੱਖ ਬਣਦੀ ਹੈ। ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
