32 buffaloes died diary farm ਲੁਧਿਆਣਾ, (ਤਰਸੇਮ ਭਾਰਦਵਾਜ)- ਪੰਜਾਬ ਸਰਕਾਰ ਲੋਕਾਂ ਨੂੰ ਸਹਾਇਕ ਧੰਦੇ ਸ਼ੁਰੂ ਕਰਨ ਲਈ ਪ੍ਰੇਰਿਤ ਕਰਦੀ ਹੈ ਤਾਂ ਜੋ ਲੋਕ ਇਨ੍ਹਾਂ ਧੰਦਿਆਂ ਰਾਹੀਂ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ। ਇਸੇ ਸੋਚ ਨੂੰ ਲੈ ਕੇ ਖੰਨਾ ਦੇ ਨੇੜਲੇ ਪਿੰਡ ਦਹਿੜੂ ਦੇ ਕਿਸਾਨ ਰਜਿੰਦਰ ਪਾਲ ਸਿੰਘ ਨੇ ਕਈ ਵਰ੍ਹੇ ਪਹਿਲਾਂ ਆਪਣੇ ਪਿੰਡ ਡੇਅਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ। ਬਹੁਤ ਹੀ ਮਿਹਨਤ ਨਾਲ ਖੜ੍ਹਾ ਕੀਤਾ ਆਧੁਨਿਕ ਸਾਜੋ-ਸਾਮਾਨ ਨਾਲ ਲੈਸ ਕਰੀਬ 500 ਮੱਝਾਂ ਅਤੇ ਗਾਵਾਂ ਵਾਲਾ ਇਹ ਫਾਰਮ ਪੰਜਾਬ ਦਾ ਨੰਬਰ ਵਨ ਫਾਰਮ ਬਣ ਗਿਆ।ਇਸ ਫਾਰਮ ਹਾਊਸ ‘ਤੇ ਸਮੇਂ-ਸਮੇਂ ਪੰਜਾਬ ਦੇ ਉੱਚ ਅਧਿਕਾਰੀ ਅਤੇ ਮੰਤਰੀ ਵੀ ਆਉਂਦੇ ਰਹੇ।
ਵੇਰਕਾ ਵੱਲੋਂ ਵੀ ਕਈ ਸਨਮਾਨਾਂ ਨਾਲ ਇਸ ਫਾਰਮ ਹਾਊਸ ਨੂੰ ਸਨਮਾਨਿਤ ਕੀਤਾ ਗਿਆ ਪਰ ਸਮੇਂ ਦੀ ਅਜਿਹੀ ਮਾਰ ਪਈ ਕਿ ਪਿਛਲੇ ਦਿਨੀਂ ਨਾਮੀ ਫੀਡ ਨਿਰਮਾਤਾ ਵੱਲੋਂ ਵਰਤੀ ਗਈ ਫੀਡ ਕਾਰਨ 32 ਦੇ ਕਰੀਬ ਤਾਜ਼ਾ ਸੂਈਆਂ ਅਤੇ ਗੱਭਣ ਮੱਝਾਂ ਇੱਕ ਦਮ ਡਿਗ ਕੇ ਮੌਤ ਦਾ ਸ਼ਿਕਾਰ ਹੋ ਗਈਆਂ। ਇਨ੍ਹਾਂ ਮੱਝਾਂ ‘ਤੇ ਲੱਗੀਆਂ ਦਵਾਈਆਂ ਸਮੇਤ ਮਾਲਕ ਦਾ 55 ਲੱਖ ਦੇ ਕਰੀਬ ਇੱਕ ਹਫ਼ਤੇ ‘ਚ ਨੁਕਸਾਨ ਹੋ ਗਿਆ।ਇਨ੍ਹਾਂ ਪਸ਼ੂਆਂ ਦਾ ਇਲਾਜ ਡਾ. ਆਦਰਸ਼ ਪਾਲ ਸਿੰਘ ਦੀ ਨਿਗਰਾਨੀ ਹੇਠ ਸੀਨੀਅਰ ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਸੀ। ਮੁੱਢਲੀ ਛਾਣਬੀਣ ‘ਚ ਡਾਕਟਰਾਂ ਨੇ ਕਿਹਾ ਕਿ ਫੀਡ ‘ਚ ਕੁਝ ਜ਼ਹਿਰੀਲੇ ਤੱਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਪਸ਼ੂਆਂ ਦੀ ਮੌਤ ਹੋ ਗਈ ਅਤੇ ਬਾਕੀਆਂ ਨੂੰ ਇਲਾਜ ਕਰਕੇ ਠੀਕ ਕੀਤਾ ਜਾ ਰਿਹਾ ਹੈ। ਫੀਡ ਦੇ ਨਮੂਨੇ ਲੈ ਕੇ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ ਅਤੇ ਮਰੇ ਪਸ਼ੂਆਂ ਦੀ ਪੋਸਟ ਮਾਰਟਮ ਰਿਪੋਰਟ ਆਉਣੀ ਬਾਕੀ ਹੈ।
ਡੇਅਰੀ ਫਾਰਮ ਦੇ ਮਾਲਕ ਰਾਜਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਨੌਜਵਾਨ ਬੇਟੇ ਅਰੁਣਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਫਾਰਮ ਹਾਊਸ ਅਤਿ-ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਹੈ, ਜਿਸ ‘ਚ ਡਾਕਟਰਾਂ ਦੀ ਟੀਮ ਵੱਲੋਂ ਸਮੇਂ-ਸਮੇਂ ਸਿਰ ਵੈਕਸੀਨੇਸ਼ਨ ਕੀਤੀ ਜਾਂਦੀ ਹੈ। ਇਸ ਸਬੰਧੀ ਉਨ੍ਹਾਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਵੀ ਕੀਤਾ ਅਤੇ ਸਮੇਂ ਦੀਆਂ ਸਰਕਾਰਾਂ ਪ੍ਰਤੀ ਡੂੰਘੀ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ‘ਤੇ ਨਕਦ ਮੁਆਵਜ਼ਾ ਅਤੇ ਨੌਕਰੀ ਦਾ ਐਲਾਨ ਕਰ ਰਹੀ ਹੈ ਪਰ ਉਨ੍ਹਾਂ ‘ਤੇ ਪਈ ਅਣਕਿਆਸੀ ਮਾਰ, ਜਿਸ ਨਾਲ ਕਰੀਬ 55 ਲੱਖ ਦਾ ਨੁਕਸਾਨ ਹੋ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਅਤੇ ਬੀਮਾ ਕੰਪਨੀ ਵਾਲੇ ਵੀ ਕਲੇਮ ਦੇਣ ਤੋਂ ਆਨਾ-ਕਾਨੀ ਕਰ ਰਹੇ ਹਨ। ਇਸ ਤਰ੍ਹਾਂ ਪਸ਼ੂਆਂ ਦੀਆਂ ਹੋਈਆਂ ਮੌਤਾਂ ਨੇ ਡੇਅਰੀ ਫਾਰਮ ਮਾਲਕਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਕਿ ਇਸ ਔਖੇ ਸਮੇਂ ਉਨ੍ਹਾਂ ਦੀ ਬਾਂਹ ਫੜ੍ਹੀ ਜਾਵੇ। ਮਾਲੀ ਮਦਦ ਕੀਤੀ ਜਾਵੇ ਤਾਂ ਕਿ ਉਹ ਇਸ ਧੰਦੇ ਨੂੰ ਚੱਲਦਾ ਰੱਖ ਸਕਣ । ਇਸ ਇੰਨੇ ਵੱਡੇ ਲੱਖਾਂ ਦੇ ਨੁਕਸਾਨ ਤੋਂ ਬਾਅਦ ਕਿਸਾਨ ਨੂੰ ਭਾਰੀ ਸਦਮਾ ਲੱਗਾ ਹੈ।