accused human trafficking corona positive: ਲੁਧਿਆਣਾ (ਤਰਸੇਮ ਭਾਰਦਵਾਜ)-ਮਨੁੱਖੀ ਸਮਗਲਿੰਗ ਦੇ ਦੋਸ਼ ‘ਚ ਰੇਲਵੇ ਪੁਲਿਸ ਦੇ ਹੱਥੀ ਚੜ੍ਹੇ 12 ਦੋਸ਼ੀਆਂ ‘ਚੋਂ ਇਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਕਾਰਨ ਜੀ.ਆਰ.ਪੀ ਮੁਲਾਜ਼ਮਾਂ ਦੇ ਲਈ ਇਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਕਿਉਂਕਿ 2 ਦਿਨ ਦੇ ਪੁਲਿਸ ਰਿਮਾਂਡ ਦੌਰਾਨ ਜੀ.ਆਰ.ਪੀ ਦੇ ਕਈ ਮੈਂਬਰ ਕੋਰੋਨਾ ਪਾਜ਼ੀਟਿਵ ਆਏ ਦੋਸ਼ੀਆਂ ਦੇ ਸੰਪਰਕ ‘ਚ ਆਏ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਮੈਰੀਟੋਰੀਅਸ ਸਕੂਲ ‘ਚ ਆਈਸੋਲੇਟ ਕੀਤਾ ਗਿਆ ਸੀ। ਹੁਣ ਰਿਪੋਰਟ ਆਉਣ ਤੋਂ ਬਾਅਦ ਪਾਜ਼ੀਟਿਵ ਆਏ ਦੋਸ਼ੀਆਂ ਨੂੰ ਛੱਡ ਬਾਕੀ ਸਾਰੇ ਦੋਸ਼ੀਆਂ ਨੂੰ ਅੱਜ ਭਾਵ ਮੰਗਲਵਾਰ ਨੂੰ ਜੇਲ ਭੇਜਿਆ ਜਾਵੇਗਾ, ਜਿਨ੍ਹਾਂ ਬੱਚਿਆਂ ਨੂੰ ਇਹ ਦੋਸ਼ੀ ਲੁਧਿਆਣਾ ਲੈ ਕੇ ਪਹੁੰਚੇ ਸੀ, ਉਨ੍ਹਾਂ ਬੱਚਿਆਂ ਦੀ ਰਿਪੋਰਟ ਵੀ ਕੋਰੋਨਾ ਨੈਗੇਟਿਵ ਆ ਚੁੱਕੀ ਸੀ।
ਦੱਸਣਯੋਗ ਹੈ ਕਿ ‘ਬਚਪਨ ਬਚਾਓ ਸੰਸਥਾ’ ਅਤੇ ਆਰ.ਪੀ.ਐੱਫ ਦੇ ਜੁਆਇੰਟ ਆਪਰੇਸ਼ਨ ਰਾਹੀਂ ਮਨੁੱਖੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਦਾ 10 ਸਤੰਬਰ ਨੂੰ ਪੁਲਿਸ ਨੇ ਪਰਦਾਫਾਸ਼ ਕੀਤਾ ਸੀ ਤੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਸੀ। ਇਸ ਗਿਰੋਹ ਦੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ 15 ਬੱਚਿਆਂ ਨੂੰ ਛੁਡਵਾਇਆ ਗਿਆ ਸੀ।