action ignoring instructions ngt: ਲੁਧਿਆਣਾ (ਤਰਸੇਮ ਭਾਰਦਵਾਜ)-ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਨਿਜੀ ਕੰਪਨੀ ਏ ਟੂ ਜ਼ੈੱਡ ਜੋ ਸ਼ਹਿਰ ‘ਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਹੈ, ਨੂੰ ਸੁਚੇਤ ਕੀਤਾ ਹੈ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤੇ ਇਸ ਦੌਰਾਨ ਲਾਪਰਵਾਹੀ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਸ੍ਰੀ ਸਭਰਵਾਲ ਵਲੋਂ ਤਾਜਪੁਰ ਰੋਡ ਮੁੱਖ ਕੂੜਾ ਘਰ ਦਾ ਦੌਰਾ ਕਰਕੇ ਕੂੜੇ ਤੋਂ ਖਾਦ ਅਤੇ ਆਰ.ਡੀ.ਐਫ. ਬਣਾਉਣ ਦੇ ਚੱਲ ਰਹੇ ਪਲਾਂਟਾਂ ਦਾ ਨਿਰੀਖਣ ਕੀਤਾ ਅਤੇ ਏ ਟੂ ਜ਼ੈੱਡ ਕੰਪਨੀ ਦੇ ਨੁਮਾਇੰਦੇ ਨੂੰ ਹਦਾਇਤ ਦਿੱਤੀ ਕਿ ਸ਼ਹਿਰ ‘ਚੋਂ ਨਿਕਲਦੇ ਕੂੜੇ ਨੂੰ 100 ਫ਼ੀਸਦੀ ਪ੍ਰੋਸੈਸ ਕੀਤਾ ਜਾਵੇ, ਜੋ ਕਿ ਮੌਜੂਦਾ ਸਮੇਂ ਕਰੀਬ 50 ਫ਼ੀਸਦੀ ਕੀਤਾ ਜਾ ਰਿਹਾ ਹੈ।
ਸਿਹਤ ਤੇ ਸੈਨੀਟੇਸ਼ਨ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਰ.ਡੀ.ਐਫ. ਪਲਾਂਟ ਨੂੰ ਵੀ ਪੂਰੀ ਸਮੱਰਥਾ ਨਾਲ ਚਲਾਉਣ, ਕੂੜੇ ਦੀ ਸੋਰਸ ਪੱਧਰ ਅਤੇ ਸੈਕੰਡਰੀ ਪੁਆਇੰਟਾਂ ‘ਤੇ ਸੈਗਰੀਗੇਸ਼ਨ, ਸੈਕੰਡਰੀ ਪੁਆਇੰਟਾਂ ਤੋਂ ਤੈਅ ਸਮੇਂ ‘ਚ ਕੂੜੇ ਦੀ ਲਿਫਟਿੰਗ ਕਰਨ ਦੀ ਹਦਾਇਤ ਵੀ ਕਮਿਸ਼ਨਰ ਵਲੋਂ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਕੂੜੇ ਦੀ ਲਿਫਟਿੰਗ ਅਤੇ ਦੂਸਰੇ ਵਾਹਨਾਂ ਦੀਆਂ ਲਾਗਬੁੱਕ ਦਾ ਪੂਰਾ ਰਿਕਾਰਡ ਰੱਖਣ ਦੀ ਹਦਾਇਤ ਦੇਣ ਤੋਂ ਇਲਾਵਾ ਉੱਥੇ ਮੌਜੂਦ ਬੀ ਐਂਡ ਆਰ ਸ਼ਾਖਾ ਦੇ ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ ਨੂੰ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਚਾਰ ਦੀਵਾਰੀ ਦਾ ਕੰਮ ਮੁਕੰਮਲ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਇਸ ਮੌਕੇ ਸਕੱਤਰ ਨੀਰਜ ਜੈਨ ਅਤੇ ਐੱਚ.ਐੱਸ. ਔਜਲਾ ਵੀ ਮੌਜੂਦ ਸਨ।