admission ITI today students: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਕਾਰਨ ਆਈ.ਟੀ.ਆਈ ‘ਚ ਦਾਖਲੇ ਲੈਣ ਤੋਂ ਖੁੰਝ ਚੁੱਕੇ ਵਿਦਿਆਰਥੀਆਂ ਨੂੰ ਆਖਰੀ ਮੌਕਾ ਦਿੱਤਾ ਗਿਆ ਹੈ । ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਚੌਥੀ ਕਾਊਂਸਲਿੰਗ (ਡਾਇਰੈਕਟ ਦਾਖਲਾ) ਅੱਜ ਭਾਵ ਸ਼ਨੀਵਾਰ ਨੂੰ ਸ਼ੁਰੂ ਹੋਵੇਗਾ। ਵਿਦਿਆਰਥੀ ਆਈ.ਟੀ.ਆਈ ‘ਚ ਹੈਲਪ ਡੈਸਕ ਤੋਂ ਜਾਣਕਾਰੀ ਲੈ ਸਕਦੇ ਹਨ। ਸਵੇਰ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਾਖਲਾ ਫਾਰਮ ਭਰ ਸਕਣਗੇ।
ਸ਼ਡਿਊਲ ਮੁਤਾਬਕ 8ਵੀਂ ਜਾਂ 10 ਵੀਂ ‘ਚ 65 ਫੀਸਦੀ ਜਾਂ ਜ਼ਿਆਦਾ ਨੰਬਰ ਵਾਲੇ ਉਮੀਦਵਾਰ 26 ਸਤੰਬਰ 1 ਵਜੇ ਤੱਕ 50 ਫੀਸਦੀ ਜਾਂ ਜ਼ਿਆਦਾ ਨੰਬਰ ਵਾਲੇ ਉਮੀਦਵਾਰ 27 ਸਤੰਬਰ 1 ਵਜੇ ਤੱਕ, 35 ਫੀਸਦੀ ਜਾਂ ਜ਼ਿਆਦਾ ਨੰਬਰ ਵਾਲੇ ਉਮੀਦਵਾਰ 28 ਸਤੰਬਰ ਦੁਪਹਿਰ 1 ਵਜੇ ਤੱਕ ਅਤੇ ਜਿਨ੍ਹਾਂ ਹੁਣ ਤੱਕ ਕਦੀ ਵੀ ਦਾਖਲਾ ਨਹੀਂ ਮਿਲਿਆ, ਉਹ ਉਮੀਦਵਾਰ 29-10 ਸਤੰਬਰ ਦੁਪਹਿਰ 1 ਵਜੇ ਤੱਕ ਅਪਲਾਈ ਕਰ ਸਕਦੇ ਹਨ। ਮੈਰਿਟ ਲਿਸਟ ਮੁਤਾਬਕ ਖਾਲੀ ਪਈਆਂ ਸੀਟਾਂ ਲਈ ਮੌਕੇ ‘ਤੇ ਹੀ ਵਿਦਿਆਰਥੀਆਂ ਨੂੰ ਫੀਸ ਭਰ ਦਾਖਲਾ ਮਿਲ ਜਾਵੇਗਾ। ਜਿਆਦਾ ਜਾਣਕਾਰੀ ਲਈ itipunjab.nic.in ਜਾਂ ਨਜ਼ਦੀਕੀ ਆਈ.ਟੀ.ਆਈ ਹੈਲਪ ਡੈਸਕ ਜਾਂ 0172-5022357 ਜਾਂ itiadmission2020@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਆਈ.ਟੀ.ਆਈ ‘ਚ ਐੱਸ.ਸੀ. ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ। ਸ਼ਰਤ ਮੁਤਾਬਕ ਮਾਪਿਆਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੋਵੇ। ਇਸ ਦੇ ਤਹਿਤ ਸਾਰੇ ਵਿਦਿਆਰਥੀ 1200 ਰੁਪਏ ਫੀਸ ਭਰ ਕੇ ਦਾਖਲਾ ਲੈ ਸਕਣਗੇ। ਬਾਕੀ ਫੀਸ 2250 ਰੁਪਏ ਤਿੰਨ ਕਿਸ਼ਤਾਂ ‘ਚ ਲਈ ਜਾਵੇਗੀ। ਪ੍ਰਾਈਵੇਟ ਉਦਯੋਗਿਕ ਸਿੱਖਿਆ ਸੰਸਥਾਵਾਂ ‘ਚ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਟ੍ਰੇਡਾਂ ਲਈ ਇਹ ਫੀਸ ਕ੍ਰਮਵਾਰ 19312 ਅਤੇ 12875 ਰੁਪਏ ਸਾਲਾਨਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਸਾਲ ਆਈ.ਟੀ.ਆਈ ਨੇ ਡੀ.ਐੱਸ.ਟੀ ਸਕੀਮ ਤਹਿਤ ਕੋਰਸ ਸ਼ੁਰੂ ਕੀਤੇ ਹਨ। ਵਿਭਾਗ ਦਾ ਹੀਰੋ ਏਵਨ, ਟ੍ਰਾਈਡੈਂਟ, ਸਵਰਾਜ ਇੰਜਨ, ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੋਗਲ ਪਟਿਆਲਾ, ਗੋਦਰੇਜ, ਸੋਨਾਲੀਕਾ, ਐੱਨ.ਐੱਫ.ਐੱਲ ਬਠਿੰਡਾ-ਨੰਗਲ, ਨੈਸਲੇ ਇੰਡੀਆ ਮੋਗਾ, ਹੀਰੋ ਈਯੂਥੈਟਿਕ ਲੁਧਿਆਣਾ, ਪੰਜਾਬ ਐਲਕੇਲੀਜ ਐਂਡ ਕੈਮੀਕਲ ਲਿਮਟਿਡ ਨੰਗਲ, ਹੋਟਲ ਹਯਾਤ-ਤਾਜ ਨਾਲ ਟਾਈਅਪ ਹੈ।