advance start winter season: ਲੁਧਿਆਣਾ (ਤਰਸੇਮ ਭਾਰਦਵਾਜ)-ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਹੁਣ ਪੋਸਟ ਮਾਨਸੂਨ ਦਾ ਸੀਜ਼ਨ ਦਸਬੰਰ ਤੱਕ ਰਹੇਗਾ ਜਦਕਿ ਹੁਣ ਬਾਰਿਸ਼ ਪੱਛਮੀ ਗੜਬੜੀ ਦੇ ਕਾਰਨ ਹੋਵੇਗੀ।ਦੱਸ ਦੇਈਏ ਕਿ ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਸਰਦੀਆਂ ਦੀ ਸ਼ੁਰੂਆਤ 15 ਅਕਤੂਬਰ ਤੋਂ ਹੋਣ ਲੱਗਦੀ ਹੈ ਪਰ ਮੌਸਮ ਵਿਭਾਗ ਮੁਤਾਬਕ ਇਸ ਵਾਰ ਸਰਦੀਆਂ ਦੀ ਸ਼ੁਰੂਆਤ ਸੂਬੇ ‘ਚ 10 ਦਿਨ ਪਹਿਲਾਂ ਹੈ। ਇਸ ਸਮੇਂ ਸ਼ਾਮ ਹੁੰਦੇ ਹੀ ਮੌਸਮ ਠੰਡਾ ਹੋਣ ਲੱਗਾ ਹੈ ਅਤੇ ਸਵੇਰ ਤੱਕ ਸਰਦੀ ਦਾ ਅਹਿਸਾਸ ਹੋਣ ਲੱਗਾ ਹੈ। ਇਸ ਦੇ ਨਾਲ ਇਕ ਦਮ ਬਦਲੇ ਇਸ ਮੌਸਮ ਦੇ ਚੱਲਦਿਆਂ ਹੁਣ ਹਵਾ ਕਾਫੀ ਪ੍ਰਦੂਸ਼ਿਤ ਹੋਣ ਲੱਗੀ ਹੈ, ਜਿਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਖੇਤਾਂ ‘ਚ ਪਰਾਲੀ ਕਾਫੀ ਜਿਆਦਾ ਸੜਨ ਲੱਗੀ ਹੈ। ਇਸ ਤੋਂ ਏਅਰ ਕੁਆਲਿਟੀ ਇੰਡੈਕਸ ਪੀ.ਐੱਮ-10 ਦੀ ਮਾਤਰਾ ਐਤਵਾਰ ਨੂੰ 154 ‘ਤੇ ਰਿਕਾਰਡ ਹੋਈ। ਪ੍ਰਦੂਸ਼ਣ ਵਾਲੇ ਵਾਤਾਵਰਣ ਨੂੰ ਸਪੋਰਟ ਇਸ ਸਮੇਂ ਸੂਬੇ ‘ਚ ਬਣੇ ਹੋਏ ਇਕ ਐਂਟੀ ਸਾਈਕਲੋਨਿਕ ਸਿਸਟਮ ਤੋਂ ਮਿਲ ਰਹੀ ਹੈ। ਇਸ ਸਿਸਟਮ ਦੇ ਬਣਨ ਨਾਲ ਪਰਾਲੀ ਸੜਨ ਨਾਲ ਨਿਕਲਦਾ ਧੂੰਆਂ, ਗੱਡੀਆਂ, ਫੈਕਟਰੀਆਂ, ਕੰਸਟ੍ਰਕਸ਼ਨ, ਧੂੜ ਦਾ ਪ੍ਰਦੂਸ਼ਣ ਵਾਤਾਵਰਨ ‘ਚ ਇਕ ਹੀ ਥਾਂ ‘ਤੇ ਜਮ੍ਹਾਂ ਹੋਣਾ ਲੱਗਾ ਹੈ। ਇਸ ਕਾਰਨ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮੋਗ ਵਰਗੇ ਹਾਲਾਤ ਦੇਖਣ ਨੂੰ ਮਿਲਣ ਲੱਗੇ ਹਨ। ਹਾਲਾਂਕਿ ਇਸ ਤਰ੍ਹਾਂ ਪ੍ਰਦੂਸ਼ਣ ਵਾਤਾਵਰਨ ਤੋਂ ਰਾਹਤ ਦੀ ਉਮੀਦ ਹੁਣ 18-19 ਅਕਤੂਬਰ ਤੱਕ ਦੱਸੀ ਜਾ ਰਹੀ ਹੈ।
ਮੌਸਮ ਵਿਭਾਗ ਮੁਤਾਬਕ ਪਿਛਲੇ ਚਾਰ ਦਿਨਾਂ ਤੋਂ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੱਡਾ ਅੰਤਰ ਆ ਚੁੱਕਿਆ ਹੈ। ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ ਜਿੱਥੇ 35-36 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ, ਉੱਥੇ ਹੀ ਰਾਤ ਦਾ ਤਾਪਮਾਨ ਵੀ ਇਕੋ ਦਮ ਤੋਂ ਅੱਧੀ ਗਿਣਤੀ ‘ਚ ਗਿਰਾਵਟ ਨਾਲ 17-18 ਡਿਗਰੀ ਤੱਕ ਰਿਕਾਰਡ ਹੋਣ ਲੱਗਾ ਹੈ। ਇਸ ਤੋਂ ਭਲਾ ਹੀ ਗਰਮੀ ਦਾ ਅਹਿਸਾਸ ਹੈ ਪਰ ਸ਼ਾਮ ਢਲਦਿਆਂ ਹੀ ਮੌਸਮ ਹੌਲੀ-ਹੌਲੀ ਠੰਡਾ ਹੋਣ ਲੱਗਿਆ ਹੈ। ਇਸ ਤੋਂ ਮੌਸਮ ਵਿਭਾਗ ਵੱਲੋਂ ਸਰਦੀਆਂ ਦਾ ਜਲਦੀ ਆਗਾਜ਼ ਹੋਣਾ ਦੱਸਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮੁਤਾਬਕ ਆਮ ਤੌਰ ‘ਤੇ ਅਜਿਹਾ ਮੌਸਮ ਉਸ ਸਮੇਂ ਬਣਦਾ ਹੈ, ਜਦੋਂ ਮਾਨਸੂਨ ਵਿਦਾਇਗੀ ਵੱਲ ਹੁੰਦਾ ਹੈ ਤਾਂ ਲਗਾਤਾਰ ਮੌਸਮ ਡ੍ਰਾਈ ਰਹਿਣ ਨਾਲ ਅਜਿਹੇ ਹਾਲਾਤ ਬਣ ਜਾਂਦੇ ਹਨ ਕਿਉਂਕਿ ਬਿਨਾ ਬਾਰਿਸ਼ ਦੇ ਹਵਾ ‘ਚ ਨਮੀ ਰਹਿੰਦੀ ਹੈ ਅਤੇ ਦਿਨ ‘ਚ ਧੁੱਪ ਨਾਲ ਗਰਮੀ ਵੱਧਦੀ ਹੈ ਜਦਕਿ ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਹਵਾਵਾਂ ਦੀ ਦਿਸ਼ਾ ਬਦਲਣ ਤੋਂ ਬਾਅਦ ਰਾਤ ਠੰਡੀ ਹੋਣ ਲੱਗਦੀ ਹੈ। ਇਸ ਤਹਿਤ ਸਰਦੀਆਂ ਦੀ ਸ਼ੁਰੂਆਤ ਵੀ ਜਲਦੀ ਹੋਣ ਲੱਗ ਜਾਂਦੀ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਸ਼ੁੱਕਰਵਾਰ ਤੱਕ ਲਗਭਗ 63 ਖੇਤਾਂ ‘ਚ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਐਡਵਾਇਜਰੀ ‘ਚ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਸ਼ੁੱਕਰਵਾਰ-ਸ਼ਨੀਵਾਰ ਨੂੰ 226 ਤੱਕ ਰਿਕਾਰਡ ਹੋਇਆ ਜਦਕਿ ਐਤਵਾਰ ਨੂੰ 154 ਤੱਕ ਰਿਕਾਰਡ ਹੋਇਆ ਹੈ।