Agriculture Department Office Corona: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਹੁਣ ਇੱਥੇ ਜ਼ਿਲ੍ਹਾਂ ਮੁੱਖ ਖੇਤੀਬਾੜੀ ਦਫਤਰ ‘ਚ ਕੋਰੋਨਾ ਨੇ ਦਸਤਕ ਦਿੱਤੀ ਹੈ। ਇੱਥੇ 17 ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ‘ਚ 2 ਪਹਿਲੇ ਦਰਜੇ ਦੇ ਅਧਿਕਾਰੀ ਅਤੇ 15 ਕਲੈਰੀਕਲ ਨਾਲ ਸਬੰਧਿਤ ਅਧਿਕਾਰੀ ਹਨ ਫਿਲਹਾਲ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਘਰ ‘ਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਹੈ ਕਿ ਉਹ ਖੁਦ 2 ਵਾਰ ਆਪਣਾ ਕੋਰੋਨਾ ਟੈਸਟ ਕਰਵਾ ਚੁੱਕੇ ਹਨ ਅਤੇ ਦੋਵੇ ਵਾਰੀ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਪਾਜ਼ੀਟਿਵ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਵੀ ਫਿਲਹਾਲ ਦਫਤਰ ਕੈਂਪਸ ਖੁੱਲ੍ਹਾ ਹੈ ਅਤੇ ਸਵੇਰ-ਸ਼ਾਮ 2 ਵਾਰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮਹਾਨਗਰ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 13297 ਤੱਕ ਪਹੁੰਚ ਗਿਆ ਹੈ ਅਤੇ 509 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ਭਰ ‘ਚ 9754 ਲੋਕ ਸਿਹਤਯਾਬ ਹੋ ਚੁੱਕੇ ਹਨ ਅਤੇ ਮੌਜੂਦਾ ਸਮੇਂ 1988 ਸਰਗਰਮ ਮਾਮਲੇ ਹਨ।