approval micro forest budhe nalla: ਲੁਧਿਆਣਾ (ਤਰਸੇਮ ਭਾਰਦਵਾਜ)- ਐੱਨ.ਜੀ.ਟੀ ਦੀਆਂ ਹਦਾਇਤਾਂ ਮੁਤਾਬਕ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਬੁੱਢੇ ਨਾਲੇ ਦੇ ਕੰਢੇ ‘ਤੇ ਹੁਣ 300 ਮਾਈਕ੍ਰੋ ਫਾਰੈਸਟ ਬਣਾਉਣ ਦੀ ਯੋਜਨਾ ਨੂੰ ਫਾਇਨਲ ਟੱਚ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਕਮਿਸ਼ਨਰ ਸੱਭਰਵਾਲ ਨੇ ਦੱਸਿਆ ਹੈ ਕਿ ਐਤਵਾਰ ਨੂੰ ਉਨ੍ਹਾਂ ਨੇ ਐੱਨ.ਜੀ.ਓ, ਨਗਰ ਨਿਗਮ ਦੇ ਬ੍ਰਾਂਚ ਅਧਿਕਾਰੀਆਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਹੋਏ ਇਹ ਤੈਅ ਕੀਤਾ ਹੈ ਕਿ ਮਾਈਕ੍ਰੋ ਫਾਰੈਸਟ ‘ਤੇ ਕੰਮ ਕਿਵੇ ਕੀਤਾ ਜਾਵੇਗਾ। ਨਿਗਮ ਕਮਿਸ਼ਨਰ ਨੇ ਦੱਸਿਆ ਹੈ ਕਿ ਮੁੱਖ ਉਦੇਸ਼ ਇਹ ਹੈ ਕਿ ਹਰਬਲ ਕਿਸਮ ਦੇ ਜਿਆਦਾ ਰੁੱਖ ਅਤੇ ਬੂਟੇ ਲਾਏ ਜਾਣਗੇ, ਜਿਸ ‘ਚ ਪਿੱਪਲ, ਮੋਰਿੰਗਾ, ਨਿੰਮ ਸਮੇਤ ਮੈਡੀਸਨ ਦੇ ਬੂਟੇ ਵੀ ਲਾਏ ਜਾਣਗੇ, ਜੋ ਕਿ ਬੁੱਢੇ ਨਾਲ ਤੋਂ ਪੈਦਾ ਹੋਏ ਪ੍ਰਦੂਸ਼ਣ ਨੂੰ ਖਤਮ ਕਰਨ ‘ਚ ਮਦਦ ਕਰਨਗੇ। ਨਿਗਮ ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਐੱਨ.ਜੀ.ਓ ਨੂੰ ਵੀ ਅੱਗੇ ਆਉਣ ਲਈ ਕਿਹਾ ਹੈ। ਇਸ ਦੇ ਲਈ ਨਗਰ ਨਿਗਮ ਵੱਲੋਂ ਪੂਰੀ ਮਦਦ ਵੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਐੱਨ.ਜੀ.ਟੀ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਇਸਦੇ ਕਿਨਾਰਿਆਂ ‘ਤੇ ਵੀ ਬੂਟੇ ਲਾਏ ਜਾਣਗੇ। ਇਸ ਦੇ ਤਹਿਤ ਨਿਗਮ ਨੇ ਇੱਥੇ ਨਾਲੇ ਕਿਨਾਰੇ ਪਾਰਕ ਅਤੇ ਮਾਈਕ੍ਰੋ ਫਾਰੈਸਟ ਬਣਾਉਣ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਜਦਕਿ ਇਸ ਕੰਮ ਨੂੰ ਪੂਰਾ ਕਰਨ ਲਈ ਇਨਕਮ ਟੈਕਸ ਦੇ ਅਧਿਕਾਰੀ ਰੋਹਿਤ ਦੁਆਰਾ ਵੀ ਜ਼ਿੰਮੇਵਾਰੀ ਲਈ ਗਈ ਹੈ, ਜੋ ਨਿਗਮ ਦੀ ਮਦਦ ਨਾਲ ਇੱਥੇ ਮਾਈਕ੍ਰੋ ਫਾਰੈਸਟ ਬਣਾਉਣ ‘ਚ ਕੰਮ ਕਰਨ ਲੱਗੇ ਹਨ।