ASI challan without mask: ਲੁਧਿਆਣਾ ‘ਚ ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਹ ਖੁਦ ਵੀ ਸਵਾਲਾਂ ਦੇ ਘੇਰੇ ‘ਚ ਫਸ ਗਏ। ਜਦੋਂ ਨੌਜਵਾਨ ਦਾ ਚਾਲਾਨ ਕੱਟਣ ਲੱਗੇ ਤਾਂ ਉਸ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਦੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਦੇ ਨਾਲ ਏ.ਐੱਸ.ਆਈ ਦਾ ਵੀ ਚਾਲਾਨ ਕੱਟਿਆ ਅਤੇ ਇਸ ਦੀ ਪੋਸਟ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦੇ ਫੇਸਬੁੱਕ ‘ਤੇ ਸ਼ੇਅਰ ਕੀਤੀ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਨੂੰਨ ਸਾਰਿਆਂ ਲਈ ਇਕ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਹੰਬੜਾ ਰੋਡ ‘ਤੇ ਇਕ ਨੌਜਵਾਨ ਬਿਨ੍ਹਾਂ ਮਾਸਕ ਪੈਦਲ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਰੂਰਲ ਰੈਪਿਡ ਰਿਸਪਾਂਸ ਟੀਮ ਦੇ ਦੋ ਏ.ਐੱਸ.ਆਈ ਪਹੁੰਚੇ। ਇਨ੍ਹਾਂ ‘ਚ ਇਕ ਨੇ ਮੂੰਹ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ ਪਰ ਦੂਜਾ ਬਿਨ੍ਹਾਂ ਮਾਸਕ ਦੇ ਗੱਡੀ ‘ਚ ਬੈਠਾ ਸੀ। ਇਸ ਦੌਰਾਨ ਗੱਡੀ ਚਲਾ ਰਹੇ ਏ.ਐੱਸ.ਆਈ ਨੇ ਮਾਸਕ ਨਾ ਲਾਉਣ ‘ਤੇ ਨੌਜਵਾਨ ਦਾ ਚਾਲਾਨ ਕੱਟ ਦਿੱਤਾ ਪਰ ਸਿਗਨੇਚਰ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਇਨਕਾਰ ਕਰ ਦਿੱਤਾ। ਉਕਤ ਨੌਜਵਾਨ ਇਸ ਗੱਲ ‘ਤੇ ਅੜ੍ਹ ਗਿਆ ਕਿ ਪਹਿਲਾਂ ਗੱਡੀ ‘ਚ ਬੈਠੇ ਏ.ਐੱਸ.ਆਈ ਦਾ ਚਾਲਾਨ ਕੱਟਿਆ ਜਾਵੇ, ਇਸ ਤੋਂ ਬਾਅਦ ਉਸ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਦੋਂ ਮਾਮਲਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਪਹੁੰਚਿਆ ਤਾਂ ਉਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਦਾ ਬਰਾਬਰ ਚਾਲਾਨ ਕੱਟਿਆ।