Attack police resolve dispute: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਕੁੰਮਕਲਾ ਦੇ ਪਿੰਡ ਬਾਲੀਵਾਲ ‘ਚ ਦੇਰ ਸ਼ਾਮ 2 ਪੱਖਾਂ ‘ਚ ਲੜਾਈ ਹੋਈ, ਜਿਸ ਨੂੰ ਸੁਲਝਾਉਣ ਲਈ ਪਹੁੰਚੀ ਪੁਲਿਸ ਟੀਮ ‘ਤੇ ਇਕ ਪੱਖ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਹਮਲਵਾਰਾਂ ਨੇ ਸਹਾਇਕ ਇੰਸਪੈਕਟਰ ਕੁਲਦੀਪ ਸਿੰਘ ਨਾਲ ਮਾੜਾ ਵਿਹਾਰ ਕੀਤਾ ਗਿਆ ਤੇ ਇਸ ਦੌਰਾਨ ਉਨ੍ਹਾਂ ਦੇ ਹੱਥਾਂ ਦੀਆਂ ਉਗਲੀਆਂ ਵੀ ਟੁੱਟ ਗਈਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦੀ ਪ੍ਰਾਈਵੇਟ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਜਦਕਿ ਬਾਕੀ ਪੁਲਿਸ ਮੁਲਾਜ਼ਮਾਂ ਨੇ ਭੀੜ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਸਮਰਾਲਾ ਸਿਵਲ ਹਸਪਤਾਲ ‘ਚ ਇਲਾਜ ਕਰਵਾ ਰਹੇ ਸਹਾਇਕ ਇੰਸਪੈਕਟਰ ਨੇ ਦੱਸਿਆ ਕਿ ਬਲੀਵਾਲ ਪਿੰਡ ‘ਚ 2 ਧੜਿਆ ‘ਚ ਝਗੜਾ ਹੋਇਆ ਸੀ ਅਤੇ ਤਕਰਾਰ ਹੋਣ ਦੀ ਜਾਣਕਾਰੀ ਮਿਲਣ ‘ਤੇ 5 ਹੋਰ ਮੁਲਾਜ਼ਮਾਂ ਨਾਲ ਪਹੁੰਚਿਆ ਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਇਕ ਪੱਖ ਦੇ 50 ਤੋਂ ਜਿਆਦਾ ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਨੇ ਭੀੜ ਨੂੰ ਭੜਕਾ ਕੇ ਹਮਲਾ ਕਰਵਾਇਆ ਹੈ।
ਐੱਫ.ਆਈ.ਆਰ ਮੁਤਾਬਕ ਬਲੀਵਾਲ ਦੇ ਸਰਪੰਚ ਅਮਰਜੀਤ ਸਿੰਘ ਨੇ ਹਮਲਾਵਾਰਾਂ ਤੋਂ ਪੁਲਿਸ ਦਾ ਬਚਾਅ ਕੀਤਾ। ਸਰਪੰਚ ਨੇ ਪਿੰਡ ਦੇ ਕੁਝ ਲੋਕਾਂ ਨੂੰ ਲੈ ਕੇ ਜ਼ਖਮੀ ਹੋਏ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਦੋਵਾਂ ਧੜਿਆਂ ‘ਚ ਹੋਈ ਲੜਾਈ ‘ਚ 4 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ‘ਚ 2 ਔਰਤਾਂ ਵੀ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੂੰ ਫਿਲਹਾਲ ਇਲਾਜ ਲਈ ਸਮਰਾਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਇਨ੍ਹਾਂ ‘ਚ ਕੁਝ ‘ਤੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਪਾਰਟੀ ‘ਤੇ ਹਮਲਾ ਕਰਨ ‘ਤੇ ਕਥਿਤ ਦੋਸ਼ ‘ਚ 11 ਲੋਕਾਂ ਦੀ ਪਛਾਣ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਬਾਕੀ 42 ਅਣਪਛਾਤਿਆਂ ‘ਤੇ ਮਾਮਲਾ ਦਰਜ ਹੋਇਆ ਹੈ ਫਿਲਹਾਲ ਸਾਰੇ ਦੋਸ਼ੀ ਫਰਾਰ ਹਨ।