attacking nagar council employees : ਲੁਧਿਆਣਾ, (ਤਰਸੇਮ ਭਾਰਦਵਾਜ)- ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕਰਨ ਲਈ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਈ.ਓ. ਪਰਵਿੰਦਰ ਸਿੰਘ ਦੀ ਅਗਵਾਈ ‘ਚ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਟੀਮ ‘ਤੇ ਇੱਕ ਨਿਹੰਗ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੋਸ਼ੀ ਦੇ ਵਿਰੁੱਧ ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦੇ ਤਹਿਤ ਮਾਮਲਾ ਦਰਜ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਥਾਣਾ ਦਾਖਾ ਦੇ ਏ.ਐੱਸ.ਆਈ. ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਮੁੱਲਾਂਪੁਰ ਦੇ ਈ.ਓ.ਪਰਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਉਹ ਮੁੱਲਾਂਪੁਰ ਮੰਡੀ ਦੇ ਬਾਜਾਰਾਂ ‘ਚ ਅਤੇ ਨੈਸ਼ਨਲ ਹਾਈਵੇ ‘ਤੇ ਲੋਕਾਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ੇ ਅਤੇ ਰੇਹੜੀ ਫੜੀ ਲਗਾਉਣ ਵਾਲਿਆਂ ਨੂੰ ਹਟਾਉਣ ਲਈ ਕਾਰਵਾਈ ਕਰ ਰਹੇ ਸੀ।ਇਸ ਦੌਰਾਨ ਉਹ ਮੁੱਲਾਂਪੁਰ ਚੌਕ ਤੋਂ ਲੁਧਿਆਣਾ ਵਲ ਆ ਰਹੇ ਸੀ, ਤਾਂ ਅੱਗੇ ਇੱਕ ਨਿਹੰਗ ਸਿੰਘ ਵਲੋਂ ਫਲਾਂ ਦੀ ਰੇਹੜੀ ਲਗਾਈ ਹੋਈ ਸੀ।ਉਨ੍ਹਾਂ ਨੇ ਉਸ ਨੂੰ ਉੱਥੋਂ ਰੇਹੜੀ ਹਟਾੳੇੁਣ ਲਈ ਕਿਹਾ, ਤਾਂ ਉਹ ਭੜਕ ਉੱਠਿਆ ਅਤੇ ਕਰਮਚਾਰੀਆਂ ਨੂੰ ਭੱਦੇ ਸ਼ਬਦ ਬੋਲਣ ਲੱਗਾ।ਉਕਤ ਦੋਸ਼ੀ ਨੇ ਆਪਣੀ ਕ੍ਰਿਪਾਨ ਕੱਢ ਕੇ ਉਨ੍ਹਾਂ ‘ਤੇ ਹਮਲਾ ਕਰਦਿਆਂ ਹੱਥੋ ਪਾਈ ‘ਤੇ ਉੱਤਰ ਆਇਆ ਅਤੇ ਕਰਮਚਾਰੀਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ।ਦੱਸਣਯੋਗ ਹੈ ਕਿ ਈ.ਓ. ਦੀ ਸ਼ਿਕਾਇਤ ‘ਤੇ ਗੁਰਦੀਪ ਸਿੰਘ ਵਾਸੀ ਮੰਡੀ ਮੁੱਲਾਂਪੁਰ ਦੇ ਵਿਰੁੱਧ ਥਾਣਾ ਦਾਖਾ ‘ਚ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।