auto gang members arrested riders: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਵਾਰਦਾਤਾਂ ਲਈ ਨਵੇ ਨਵੇਂ ਢੰਗ ਤਰੀਕੇ ਆਪਣਾਉਂਦੇ ਹਨ। ਇੰਝ ਹੀ ਸਵਾਰੀਆਂ ਦੀ ਜੇਬ ਕੱਟਣ ਵਾਲੇ ਆਟੋ ਗੈਂਗ ਦੇ 5 ਮੈਂਬਰਾਂ ਨੂੰ ਥਾਣਾ ਡੀਵੀਜ਼ਨ ਨੰਬਰ 5 ਪੁਲਿਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਗੈਂਗ ਹੁਣ ਤੱਕ 40 ਤੋਂ ਜਿਆਦਾ ਵਾਰਾਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਕਾਬੂ ਕੀਤੇ ਗਏ ਲੁਟੇਰਿਆਂ ਕੋਲੋਂ 3 ਆਟੋ ਰਿਕਸ਼ਾ ਅਤੇ 12 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਤੇ ਅਦਾਲਤ ‘ਚ ਪੇਸ਼ ਕੀਤੇ ਗਏ ਹਨ, ਜਿੱਥੇ ਰਿਮਾਂਡ ਹਾਸਿਲ ਕਰਕੇ ਸਖਤਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਗੈਂਗ ਨੂੰ ਕਾਬੂ ਕਰਨ ਲਈ ਗੁਪਤ ਸੂਚਨਾ ਮਿਲੀ, ਜਿਸ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਡੀ.ਐੱਮ.ਸੀ ਹਸਪਤਾਲ ਜਾਂ ਘੰਟਾ ਘਰ ਜਾਣ ਵਾਲੀਆਂ ਸਵਾਰੀਆਂ ਨੂੰ ਹੀ ਆਟੋ ‘ਚ ਬਿਠਾਇਆ ਜਾਂਦਾ ਸੀ ਅਤੇ ਇਸ ਦੌਰਾਨ ਸਿਰਫ ਉਨ੍ਹਾਂ ਸਵਾਰੀਆਂ ਨੂੰ ਹੀ ਪਹਿਲ ਦਿੰਦੇ ਸੀ, ਜਿਨ੍ਹਾਂ ਨੇ ਕੁੜਤਾ ਪਜਾਮਾ ਪਹਿਨਿਆ ਹੁੰਦਾ ਸੀ। ਉਨ੍ਹਾਂ ਦੀ ਜੇਬ ਸਾਫ ਕਰਨੀ ਆਸਾਨ ਹੁੰਦੀ ਸੀ।
ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ, ਜਿਨ੍ਹਾਂ ‘ਚ ਰਾਕੇਸ਼ ਕੁਮਾਰ, ਆਤਮਾ ਰਾਮ, ਕਰਣ ਕੁਮਾਰ, ਸੰਜੀਵ ਕੁਮਾਰ ਅਤੇ ਅਮਰਜੀਤ ਸਿੰਘ ਆਦਿ ਹਨ। ਇਨ੍ਹਾਂ ਦੋਸ਼ੀਆਂ ‘ਚੋਂ ਅਮਰਜੀਤ ਸਿੰਘ ਗਾਰੰਟੀ ‘ਤੇ ਆਟੋ ਕਿਰਾਏ ‘ਤੇ ਲਿਆਂਦਾ ਸੀ, ਕਰਨ ਆਟੋ ਚਲਾਉਣ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਆਤਮਾ ਰਾਮ ਅਤੇ ਸੰਜੀਵ ਕੁਮਾਰ ਪਿੱਛੇ ਸਵਾਰੀ ਬਣ ਕੇ ਬੈਠਦੇ ਅਤੇ ਲੋਕਾਂ ਦੇ ਪੈਸੇ ਚੋਰੀ ਕਰਦੇ ਸੀ। ਰਾਕੇਸ਼ ਕੁਮਾਰ ਚੋਰੀ ਦੇ ਮੋਬਾਇਲ ਫੋਨ ਪ੍ਰਵਾਸੀਆਂ ਨੂੰ ਵੇਚਣ ਦਾ ਕੰਮ ਕਰਦਾ ਸੀ।