avoid false rumors People free test: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਕੋਵਿਡ-19 ਦੀਆਂ ਸਾਵਧਾਨੀਆਂ ਅਤੇ ਜਾਗਰੂਕਤਾ ਨੂੰ ਘਰ-ਘਰ ਪਹੁੰਚਾਉਣ ਲਈ ਜ਼ਿਲ੍ਹਾਂ ਪ੍ਰਸਾਸ਼ਨ ਵੱਲੋਂ ‘ਲੋਕ ਸਾਂਝੇਦਾਰੀ ਮੁਹਿੰਮ‘ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਮੁੱਲਾਂਪੁਰ ਸਥਿਤ ਡਾ. ਬੀ.ਆਰ. ਅੰਬੇਦਕਰ ਵਿਖੇ ਸਾਦੇ ਸਮਾਗਮ ਦੌਰਾਨ ਕੀਤੀ। ਇਸ ਮੌਕੇ ਪੇਡਾ ਦੇ ਉੱਪ ਚੇਅਰਮੈਨ ਸ੍ਰ. ਕਰਨ ਸਿੰਘ ਵੜਿੰਗ, ਲੁਧਿਆਣਾ (ਪੱਛਮੀ) ਦੇ ਐੱਸ.ਡੀ.ਐੱਮ. ਸ. ਅਮਰਿੰਦਰ ਸਿੰਘ ਮੱਲੀ, ਨਗਰ ਕੌਂਸਲ ਮੁੱਲਾਂਪੁਰ ਦੇ ਪ੍ਰਧਾਨ ਸ੍ਰੀ ਤੇਲੂ ਰਾਮ, ਜ਼ਿਲ੍ਹਾਂ ਲੋਕ ਸੰਪਰਕ ਅਫਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾਂ ਮਹਾਮਾਰੀ ਰੋਕਥਾਮ ਅਫਸਰ ਡਾ. ਰਮੇਸ਼ ਕੁਮਾਰ, ਸੀਨੀਅਰ ਕਾਂਗਰਸੀ ਆਗੂ ਸ. ਮਨਜੀਤ ਸਿੰਘ ਭਰੋਵਾਲ ਆਦਿ ਮੌਜੂਦ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਦੱਸਿਆ ਕਿ ‘ਲੋਕ ਸਾਂਝੇਦਾਰੀ’ ਮੁਹਿੰਮ ਤਹਿਤ ਹਰੇਕ ਵਾਰਡ ‘ਚ 5-5 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ। ਇਹ ਕਮੇਟੀਆਂ ਲੋਕਾਂ ਦੇ ਘਰ-ਘਰ ਜਾ ਕੇ ‘ਮਿਸ਼ਨ ਫਤਹਿ’ ਬਾਰੇ ਜਾਗਰੂਕਤਾ ਫੈਲਾਉਣਗੀਆਂ। ਇਨ੍ਹਾਂ ਕਮੇਟੀਆਂ ‘ਚ ਸਿਹਤ ਵਿਭਾਗ ਦਾ ਹੈੱਲਥ ਵਰਕਰ, ਮੋਹਤਬਰ ਔਰਤ, ਸਮਾਜ ਸੇਵੀ, ਨੌਜਵਾਨ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਕੋਵਿਡ ਤੋਂ ਮੁਕਤ ਕਰਨ ਲਈ ਚਲਾਈ ਗਈ ਜਨ-ਜਾਗਰੂਕਤਾ ਮੁਹਿੰਮ ‘ਮਿਸ਼ਨ ਫ਼ਤਿਹ’ ਨੂੰ ਅੱਗੇ ਵੀ ਉਸ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਇਸ ਬਿਮਾਰੀ ਨੂੰ ਜੜ੍ਹੋ ਖਤਮ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਫਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦਾ ਅਮਲੀ ਰੂਪ ‘ਚ ਪਾਲਣ ਕਰਵਾਉਣ ਲਈ ਜਾਗਰੂਕ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਰਾਹੀਂ ਸਰਕਾਰ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਹਰ ਜ਼ਿੰਮੇਵਾਰ ਨਾਗਰਿਕ ਅਤੇ ਸੰਸਥਾ ਦੀ ਜਾਗਰੂਕਤਾ ਮੁਹਿੰਮ ‘ਚ ਹਿੱਸੇਦਾਰੀ ਯਕੀਨੀ ਬਣਾ ਕੇ, ਰਾਜ ਅਤੇ ਜ਼ਿਲ੍ਹੇ ਨੂੰ ਕੋਵਿਡ ਮੁਕਤ ਕਰਨਾ ਹੈ, ਉਨ੍ਹਾਂ ਕਿਹਾ ਕਿ ਜੇਕਰ ਅਸੀਂ ਘਰ ਤੋਂ ਬਾਹਰ ਨਿਕਲਣ ਲੱਗੇ ਮਾਸਕ ਪਹਿਨਾਂਗੇ, ਆਪਣੇ ਹੱਥਾਂ ਦੀ ਸਫ਼ਾਈ ਦਾ ਖਿਆਲ ਰੱਖਾਂਗੇ ਅਤੇ ਭੀੜ-ਭੜੱਕਾ ਨਾ ਕਰਕੇ ਸਮਾਜਿਕ ਦੂਰੀ ਦੀ ਪਾਲਣਾ ਕਰਾਂਗੇ ਤਾਂ ਅਸੀਂ ਜਿਥੇ ਕੋਰੋਨਾ ਦੇ ਖਤਰੇ ਤੋਂ ਬਚਾਂਗੇ, ਉਥੇ ਆਪਣੇ ਆਲੇ-ਦੁਆਲੇ ਨੂੰ ਵੀ ਸੁਰੱਖਿਅਤ ਰੱਖਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਟ ਨਾ ਕਰਾਉਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਇੱਕ ਪਾਸੇ ‘ਤੇ ਰੱਖ ਕੇ ਵੱਧ ਤੋਂ ਵੱਧ ਟੈਸਟ ਕਰਾਉਣ ਅਤੇ ਜੇਕਰ ਲੱਛਣ ਪਾਏ ਜਾਂਦੇ ਹਨ ਤਾਂ ਇਸ ਦਾ ਸਰਕਾਰੀ ਹਸਪਤਾਲਾਂ ‘ਚ ਭਰਤੀ ਹੋ ਕੇ ਮੁਫਤ ਇਲਾਜ਼ ਕਰਾਉਣ। ਦੱਸ ਦੇਈਏ ਕਿ ਜ਼ਿਲ੍ਹਾਂ ਲੁਧਿਆਣਾ ਦੇ ਬਾਕੀ ਸ਼ਹਿਰਾਂ ‘ਚ ਵੀ ਇਹ ਮੁਹਿੰਮ ਦੀ ਸ਼ੁਰੂਆਤ ਸੰਬੰਧਿਤ ਐੱਸ.ਡੀ.ਐੱਮਜ਼ ਅਤੇ ਹੋਰ ਅਧਿਕਾਰੀਆਂ ਵੱਲੋਂ ਕਰਵਾਈ ਗਈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।






















