Barnala unemployed teachers union: ਬਰਨਾਲਾ ‘ਚ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਵੱਲੋਂ 15 ਅਗਸਤ ਨੂੰ ‘ਕਾਲੀ ਆਜ਼ਾਦੀ‘ ਦੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਜ਼ਾਦੀ ਦਿਵਸ ਵਾਲੇ ਦਿਨ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਚੋਣਾਂ ਮੌਕੇ ਨੌਕਰੀ ਦੇਣ ਦੇ ਕੀਤੇ ਗਏ ਵਾਅਦਿਆਂ ਨੂੰ ਚੇਤੇ ਕਰਵਾਇਆ ਜਾਵੇਗਾ। ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪੋ-ਆਪਣੇ ਘਰਾਂ ਦੇ ਬਨੇਰਿਆਂ ‘ਤੇ 15 ਅਗਸਤ ਨੂੰ ਕਾਲੇ ਝੰਡੇ ਲਹਿਰਾਏ ਜਾਣਗੇ।
ਇਸ ਸਬੰਧੀ ਬੇਰੁਜ਼ਗਾਰ ਬੀ.ਐੱਡ ਟੈਟ ਪਾਸ ਅਧਿਆਪਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੋਧਪੁਰ ਅਤੇ ਅਮਨ ਬਾਵਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਭਾਵੇਂ ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ 73 ਸਾਲ ਬੀਤ ਚੁੱਕੇ ਹਨ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸੂਰਬੀਰਾਂ ਦੇ ਸੁਪਨੇ ਅੱਜ ਵੀ ਅੱਧ ਵਿਚਾਲੇ ਪਏ ਹੋਏ ਹਨ। ਭਾਵੇ ਗੋਰੇ ਅੰਗਰੇਜ਼ ਦੇਸ਼ ਛੱਡ ਗਏ ਹਨ ਪਰ ਕਾਲੇ ਅੰਗਰੇਜ਼ਾਂ ਦਾ ਦੇਸ਼ ‘ਤੇ ਕਬਜ਼ਾ ਬਰਕਰਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸੂਬਾ ਪੱਧਰੀ ਕਮੇਟੀ ਦੇ ਸੱਦੇ ‘ਤੇ ਆਜ਼ਾਦੀ ਦਿਵਸ ਦਾ ਬਾਈਕਾਟ ਕਰਕੇ ਘਰਾਂ ‘ਤੇ ਕਾਲੇ ਝੰਡੇ ਲਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਨਿਗੂਣੀਆਂ 3182 ਅਹੁਦੇ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ‘ਚ ਪੰਜਾਬੀ ਅਤੇ ਹਿੰਦੀ ਦੇ ਅਹੁਦੇ ਬਹੁਤ ਹੀ ਘੱਟ ਹਨ ਪਰ ਦੂਜੇ ਪਾਸੇ ਸੂਬੇ ‘ਚ ਬੇਰੁਜ਼ਗਾਰ ਅਧਿਆਪਕਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।