bazzar closed amid curfew: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਭਰ ‘ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਰਫਿਊ ਦਾ ਆਦੇਸ਼ ਜਾਰੀ ਕੀਤੇ ਗਏ ਸੀ, ਜਿਸ ਦੇ ਮੱਦੇਨਜ਼ਰ ਮਹਾਨਗਰ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਲਾਗੂ ਕੀਤਾ ਗਿਆ ਹੈ। ਇਸ ਦਾ ਅਸਰ ਅੱਜ ਸਵੇਰ ਤੋਂ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ‘ਚ ਸਵੇਰ ਤੋਂ ਹੀ ਬਾਜ਼ਾਰ ਸੁੰਨੇ ਪਏ ਦਿਖਾਈ ਦਿੱਤੇ। ਇਸ ਦੌਰਾਨ ਸਿਰਫ ਜ਼ਰੂਰੀ ਸਾਮਾਨ ਦੀਆਂ ਚੀਜ਼ਾਂ ਵਾਲੀਆਂ ਦੁਕਾਨਾਂ ਨੂੰ ਛੱਡ ਬਾਕੀ ਸਾਰੇ ਬਜ਼ਾਰ ਬੰਦ ਪਿਆ ਦਿਖਾਈ ਦਿੱਤਾ ਪਰ ਲੋਕਾਂ ਦਾ ਆਉਣਾ-ਜਾਣਾ ਜਾਰੀ ਹੈ। ਦੱਸ ਦੇਈਏ ਕਿ ਸ਼ਹਿਰ ‘ਚ ਸਿਰਫ ਕਰਿਆਨੇ, ਦਵਾਈ ਦੀਆਂ ਦੁਕਾਨਾਂ ਦੇ ਨਾਲ-ਨਾਲ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਹੋਏ ਹਨ। ਦੱਸਣਯੋਗ ਹੈ ਕਿ ਬਾਜ਼ਾਰ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਸਬੰਧਿਤ ਥਾਣੇ ਦੀ ਫੋਰਸ ਅਤੇ ਪੀ.ਸੀ.ਆਰ ਦੀ ਡਿਊਟੀ ਲਾਈ ਗਈ ਹੈ। ਸਵੇਰ ਦੇ ਸਮੇਂ ਪੀ.ਸੀ.ਆਰ ਦੇ ਮੋਟਰਸਾਈਕਲ ਡਰਾਈੲਰ ਅਤੇ ਥਾਣੇ ਦੀ ਫੋਰਸ ਨੇ ਦੁਕਾਨਾਂ ਬੰਦ ਕਰਵਾਈਆਂ ਹਨ। ਸ਼ਹਿਰ ‘ਚ ਸੜਕਾਂ ‘ਤੇ ਪੁਲਿਸ ਦੇ ਨਾਕੇ ਵੀ ਘੱਟ ਹਨ।
ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਸੂਬਾ ਸਰਕਾਰ ਵੱਲੋਂ ਦੁਬਾਰਾ ਨਾਈਟ ਕਰਫਿਊ ਦਾ ਸਮਾਂ ਵਧਾਉਣ ਦੇ ਨਾਲ-ਨਾਲ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਸ਼ਾਮ ਸਾਢੇ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਨਵੇਂ ਆਦੇਸ਼ ਜਾਰੀ ਕਰਦੇ ਹੋਏ ਹੁਣ ਨਗਰ ਨਿਗਮ ਸੀਮਾ ਦੇ ਅੰਦਰ ਦੀਆਂ ਸਾਰੀਆਂ ਦੁਕਾਨਾਂ ਓਡ-ਈਵਨ ਫਾਰਮੂਲੇ ਦੇ ਹਿਸਾਬ ਨਾਲ ਹੀ ਖੋਲ੍ਹਣ ਦਾ ਐਲਾਨ ਕੀਤਾ, ਜਿਸ ਦੀ ਸ਼ੁਰੂਆਤ 24 ਅਗਸਤ ਤੋਂ ਕੀਤੀ ਜਾਵੇਗੀ।ਇਸ ਦਾ ਮਤਲਬ 24 ਅਗਸਤ ਨੂੰ ਈਵਨ ਨੰਬਰ ਦੀਆਂ ਦੁਕਾਨਾ ਅਤੇ 25 ਅਗਸਤ ਨੂੰ ਓਡ ਨੰਬਰ ਦੀਆਂ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ।ਇਸ ਤਰ੍ਹਾਂ ਸ਼ਹਿਰ ਦੀਆਂ 50 ਫੀਸਦੀ ਦੁਕਾਨਾਂ ਹੀ ਖੋਲਣ ਦੀ ਇਜ਼ਾਜਤ ਹੋਵੇਗੀ ਹਾਲਾਂਕਿ ਇਹ ਫਾਰਮੂਲਾ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ‘ਤੇ ਲਾਗੂ ਨਹੀਂ ਹੋਵੇਗੀ।