beggar free ludhiana campaign:ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਲੁਧਿਆਣਾ ਨੂੰ ‘ਭਿਖਾਰੀ ਮੁਕਤ ਸ਼ਹਿਰ‘ ਬਣਾਉਣ ਲਈ 11 ਨਵੰਬਰ ਤੋਂ ਨਵੀਂ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਸਬੰਧੀ ਬਚਤ ਭਵਨ ‘ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਵਲੋਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਭਿਖਾਰੀ ਮੁਕਤ ਲੁਧਿਆਣਾ ਮੁਹਿੰਮ ਲਈ ਡੀ.ਸੀ.ਪੀ. (ਲਾਅ ਐਂਡ ਆਰਡਰ) ਅਸ਼ਵਨੀ ਕਪੂਰ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਇਸ ਮੌਕੇ ਸਿਵਲ ਸਰਜਨ ਡਾ: ਰਾਜੇਸ਼ ਕੁਮਾਰ ਬੱਗਾ, ਡੀ.ਸੀ.ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ, ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ, ਏ.ਸੀ.ਪੀ. ਕਮਾਂਡ ਸੈਂਟਰ ਨਵੀਨ ਕੁਮਾਰ, ਏ.ਸੀ.ਪੀ. ਟ੍ਰੈਫਿਕ ਗੁਰਦੇਵ ਸਿੰਘ ਆਦਿ ਵੀ ਪਹੁੰਚੇ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਰੇ ਭਿਖਾਰੀਆਂ ਨੂੰ 15 ਦਿਨਾਂ ਦਾ ਨੋਟਿਸ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ ਜੇਕਰ 11 ਨਵੰਬਰ 2020 ਤੋਂ ਉਹ ਲੁਧਿਆਣਾ ਸ਼ਹਿਰ ਦੀਆਂ ਸੜਕਾਂ ‘ਤੇ ਭੀਖ ਮੰਗਦੇ ਪਾਏ ਗਏ ਤਾਂ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 40 ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿਥੇ ਵੱਡੀ ਗਿਣਤੀ ‘ਚ ਭਿਖਾਰੀ ਦੇਖੇ ਜਾ ਸਕਦੇ ਹਨ।
ਪੁਲਿਸ ਕਮਿਸ਼ਨਰ ਅਗਰਵਾਲ ਨੇ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਿਖਾਰੀਆਂ ਨੂੰ ਕੁੱਝ ਵੀ ਨਾ ਦੇਣ ਅਤੇ ਇਸ ਲਈ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 11 ਨਵੰਬਰ ਤੋਂ ਬੱਚਿਆਂ, ਟਰਾਂਸਜੈਂਡਰਾਂ, ਬਾਲਗਾਂ ਆਦਿ ਨੂੰ ਲੁਧਿਆਣਾ ਦੀਆਂ ਸੜਕਾਂ ’ਤੇ ਭੀਖ ਮੰਗਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਸ਼ਹਿਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਦਿ੍ੜ ਹੈ, ਜਿਸ ਸਬੰਧੀ ਇਕ ਵਟਸਐਪ ਨੰਬਰ (91156-01159) ਵੀ ਜਾਰੀ ਕੀਤਾ ਗਿਆ ਹੈ।ਯੋਜਨਾ ਬਾਰੇ ਵੇਰਵੇ ਦਿੰਦੇ ਹੋਏ ਸ੍ਰੀ ਅਗਰਵਾਲ ਨੇ ਕਿਹਾ ਕਿ ਅਸੀਂ ਸਮੱਸਿਆ ਨੂੰ ਰੋਕਣ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ।