biogas production dairy complex december: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਪਰਦੀਪ ਸੱਭਰਵਾਲ ਵੱਲੋ ਅੱਜ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਅਧਿਕਾਰੀਆਂ ਨਾਲ ਪਸ਼ੂਆਂ ਦੇ ਗੋਬਰ ਦੇ ਵਿਗਿਆਨਕ ਤਰੀਕੇ ਨਾਲ ਪ੍ਰਬੰਧਨ ਬਾਰੇ ਪੇਡਾ ਅਧਿਕਾਰੀਆ ਨਾਲ ਵਿਚਾਰ ਵਟਾਂਦਰੇ ਕੀਤੇ। ਇਹ ਮੀਟਿੰਗ ਸਥਾਨਕ ਹੈਬੋਵਾਲ ਵਿਖੇ ਬਾਇਓ ਗੈਸ ਪਲਾਂਟ ਵਿਖੇ ਹੋਈ। ਚੰਡੀਗੜ੍ਹ ਤੋਂ ਆਏ ਜੁਆਇੰਟ ਡਾਇਰੈਕਟਰ ਪੇਡਾ ਦਵਿੰਦਰ ਸਿੰਘ ਅਤੇ ਸੀਨੀਅਰ ਮੈਨੇਜਰ ਪੇਡਾ ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਪਲਾਂਟ ਪ੍ਰਾਈਵੇਟ ਕੰਪਨੀ ਨੂੰ ਲੀਜ਼ ‘ਤੇ ਦਿੱਤਾ ਗਿਆ ਹੈ, ਜੋ ਪਸ਼ੂਆਂ ਦੇ ਗੋਬਰ ਤੋਂ ਕੰਪ੍ਰੈਸਡ ਬਾਇਓ ਗੈਸ (ਸੀ.ਬੀ.ਜੀ.) ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਇਸ ਸਾਲ ਦਸੰਬਰ ਦੇ ਅੰਤ ਵਿੱਚ ਚਾਲੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਵਾਰ ਇਹ ਪ੍ਰਾਜੈਕਟ ਚਾਲੂ ਹੋ ਜਾਣ ਤੋਂ ਬਾਅਦ ਸੌਂਪੀ ਗਈ ਕੰਪਨੀ ਇਸ ਪਲਾਂਟ ਤੋਂ ਪ੍ਰਤੀ ਦਿਨ ਦੋ ਤੋਂ ਤਿੰਨ ਟਨ ਸੀ.ਬੀ.ਜੀ. ਦਾ ਉਤਪਾਦਨ ਕਰੇਗੀ ਜੋ ਕਿ ਆਵਾਜਾਈ, ਉਦਯੋਗ ਅਤੇ ਖਾਣਾ ਪਕਾਉਣ ਵਿਚ ਵਰਤੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ 225 ਟਨ ਗੋਬਰ ਦੀ ਸਮਰੱਥਾ ਵਾਲਾ ਬਾਇਓ ਗੈਸ ਪਲਾਂਟ ਇਸ ਸਮੇਂ ਬਿਜਲੀ ਪੈਦਾ ਕਰ ਰਿਹਾ ਹੈ, ਜੋ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਵੇਚੀ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੇ ਤਾਜਪੁਰ ਵਿਖੇ ਵੀ 2.50 ਏਕੜ ਰਕਬੇ ‘ਚ ਇਕ ਹੋਰ ਬਾਇਓ ਗੈਸ ਪਲਾਂਟ ਸਥਾਪਤ ਕਰਨ ਦੀ ਸੰਭਾਵਨਾ ਨੂੰ ਵੇਖਣ ਲਈ ਜਗ੍ਹਾ ਦਾ ਦੌਰਾ ਕੀਤਾ। ਉਨ੍ਹਾਂ ਡੇਅਰੀ ਮਾਲਕਾਂ ਨਾਲ ਵੀ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਗੱਲਬਾਤ ਕੀਤੀ। ਇਸ ਮੌਕੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਪੇਡਾ ਇੰਜੀਨੀਅਰ ਰਾਜੇਸ਼ ਕੋਹਲੀ ਸਮੇਤ ਹੋਰ ਅਧਿਕਾਰੀ ਵੀ ਪਹੁੰਚੇ।