birthday celebrate youth fight restaurant: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬੇਖੌਫ ਬਦਮਾਸ਼ਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਦੇ ਮਾਮਲਿਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਠੱਲ ਪਾਉਣ ਦਾ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਤਾਜ਼ਾ ਮਾਮਲਾ ਫਿਰ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਭੂਤਰੀ ਮੰਡੀਰ ਨੇ ਇਕ ਹੋਟਲ ਰੈਸਟਰੈਂਟ ‘ਚ ਜਾ ਕੇ ਮੁਲਾਜ਼ਮਾਂ ‘ਤੇ ਸ਼ਰੇਆਮ ਕੁੱਟਮਾਰ ਕੀਤੀ ਅਤੇ ਰੈਸਟੋਰੈਂਟ ‘ਚ ਭੰਨ-ਤੋੜ ਕਰਕੇ ਕਾਫੀ ਨੁਕਸਾਨ ਵੀ ਕੀਤਾ।ਇਸ ਵਾਰਦਾਤ ਨੂੰ ਅੰਜ਼ਾਮ ਦੇ ਦੋਸ਼ੀ ਮੌਕੇ ‘ਤੇ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਡੇਹਲੋ ਦੀ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ। ਇਸ ਮਾਮਲੇ ‘ਚ ਦੋਸ਼ੀ ਨੌਜਵਾਨ ਜਿਸ ਦਾ ਜਨਮ ਦਿਨ ਸੀ ਉਸ ਦਾ ਨਾਂ ਅਭਿਜੀਤ ਸਿੰਘ ਦੱਸਿਆ ਜਾ ਰਿਹਾ ਹੈ ਫਿਲਹਾਲ ਬਾਕੀ ਬਾਰੇ ਵੀ ਸ਼ਨਾਖਤ ਕੀਤੀ ਜਾ ਰਹੀ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਜੇ ਨਾਈਨ ਰੈਸਟੋਰੈਂਟ ਦੇ ਰਿਸੈਪਸ਼ਨਿਸਟ ਸੰਦੀਪ ਸਿੰਘ ਨੇ ਦੱਸਿਆ ਕਿ ਅਭਿਜੀਤ ਸਿੰਘ ਦੇ ਜਨਮ ਦਿਨ ਸਬੰਧੀ ਸਾਰੇ ਨੌਜਵਾਨ ਵੱਖਰੇ ਹੱਟ ‘ਚ ਬੈਠ ਕੇ ਪਾਰਟੀ ਕਰ ਰਹੇ ਸਨ। ਕੁਝ ਸਮੇਂ ਬਾਅਦ ਨੌਜਵਾਨ ਰੌਲਾ ਪਾ ਕੇ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਹੋਏ ਝਗੜਾ ਕਰਨ ਲੱਗੇ। ਇਹ ਦੇਖ ਰੈਸਟੋਰੈਂਟ ਦੇ ਸਟਾਫ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਗੁੱਸੇ ‘ਚ ਆਇਆ ਅਭਿਜੀਤ ਸਿੰਘ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਦੀ ਰਿਸੈਪਸ਼ਨ ‘ਤੇ ਪਹੁੰਚਿਆ। ਰਿਸੈਪਸ਼ਨਿਸਟ ਸੰਦੀਪ ਸਿੰਘ ਨੇ ਰੈਸਟੋਰੈਂਟ ਦੇ ਬੰਦ ਹੋਣ ਦੇ ਨਾਲ ਬਿੱਲ ਦੇਣ ਲਈ ਕਿਹਾ ਪਰ ਭੜਕੇ ਅਭਿਜੀਤ ਨੇ ਆਪਣੀ ਡੱਬ ‘ਚੋਂ ਪਿਸਤੌਲ ਕੱਢੀ ਅਤੇ ਸਿੱਧੀਆਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ।ਰਿਸੈਪਸ਼ਨ ਦੇ ਹੀ ਲਾਗੇ ਖੜ੍ਹੇ ਦਵਿੰਦਰ ਸਿੰਘ ਨਾਂ ਦੇ ਮੁਲਾਜ਼ਮ ਦੇ ਖੱਬੇ ਮੋਢੇ ‘ਤੇ ਗੋਲੀ ਲੱਗੀ ਤੇ ਉਹ ਲਹੂ ਲੁਹਾਨ ਹੋ ਕੇ ਹੇਠਾਂ ਡਿੱਗ ਪਿਆ। ਭੜਕੀ ਹੋਈ ਮੰਡੀਰ ਨੇ ਰੈਸਟੋਰੈਂਟ ਦੀ ਤੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਗੋਲ਼ੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋਏ ਦਵਿੰਦਰ ਸਿੰਘ ਨੂੰ ਦਇਆਨੰਦ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਕੀ ਜ਼ਖਮੀ ਹੋਏ ਬਾਕੀ ਮੁਲਾਜ਼ਮ ਵੀ ਸ਼ਹਿਰ ਦੇ ਅਲੱਗ ਅਲੱਗ ਹਸਪਤਾਲਾਂ ‘ਚ ਭਰਤੀ ਹਨ ।ਇਸ ਮਾਮਲੇ ਸਬੰਧੀ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੰਦੀਪ ਸਿੰਘ ਦੇ ਬਿਆਨਾਂ ਉੱਪਰ ਮੁਲਜ਼ਮਾਂ ਦੇ ਖਿਲਾਫ਼ ਇਰਾਦਾ ਕਤਲ, ਅਸਲਾ ਐਕਟ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।