Blood donated police rape victims: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਦਰਿੰਦਗੀ ਦਾ ਸ਼ਿਕਾਰ ਹੋਣ ਵਾਲੀ 8 ਸਾਲਾਂ ਦੀ ਨੰਨ੍ਹੀ ਬੱਚੀ ਦੀ ਦਰਦਨਾਕ ਕਹਾਣੀ ਸੁਣਨ ਤੋਂ ਬਾਅਦ ਮਨੁੱਖਤਾ ਦਿਖਾਉਂਦੇ ਹੋਏ ਪੁਲਿਸ ਅੱਗੇ ਆ ਗਈ। ਅਫ਼ਸਰਾਂ ਦਾ ਕਹਿਣਾ ਹੈ ਕਿ ਬੱਚੀ ਨੇ ਜਦੋਂ ਆਪਣੇ ‘ਤੇ ਹੋਏ ਜ਼ੁਲਮ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ। ਦਰਦ ਨਾਲ ਵਿਲਕਦੇ ਹੋਏ ਬੱਚੀ ਦੀ ਹਾਲਤ ਬਹੁਤ ਖਰਾਬ ਸੀ ਪਰ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬੱਚੀ ਖ਼ਤਰੇ ਤੋਂ ਬਾਹਰ ਹੈ। ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਵਾਲੀ ਪੁਲਿਸ ਨੇ ਇਸ ਕੇਸ ‘ਚ ਅੱਗੇ ਆ ਕੇ ਬੱਚੀ ਦੀ ਜਾਨ ਬਚਾਈ। ਵਾਰਦਾਤ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਨਿਰਦੇਸ਼ਾਂ ’ਤੇ ਏ.ਸੀ.ਪੀ. ਨਾਰਥ ਗੁਰਵਿੰਦਰ ਸਿੰਘ ਨੇ ਇਲਾਕਾ ਪੁਲਸ ਤੋਂ ਪਹਿਲਾਂ ਮੌਕੇ ’ਤੇ ਪੁੱਜ ਕੇ ਬੱਚੀ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਮਨੁੱਖਤਾ ਦਿਖਾਉਂਦੇ ਹੋਏ ਸਭ ਤੋਂ ਪਹਿਲਾਂ ਬੱਚੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਅਤੇ ਟੀਮ ਬਣਾ ਕੇ ਦਰਿੰਦੇ ਨੂੰ 1 ਘੰਟੇ ‘ਚ ਗ੍ਰਿਫ਼ਤਾਰ ਵੀ ਕਰ ਲਿਆ। ਇੰਨਾ ਹੀ ਨਹੀਂ ਪੁਲਿਸ ਨੇ ਜਦੋਂ ਬੱਚੀ ਨੂੰ ਖੂਨ ਦੀ ਲੋੜ ਪਈ ਤਾਂ ਸਭ ਤੋਂ ਪਹਿਲਾਂ ਇੱਥੇ ਇਕ ਕਾਂਸਟੇਬਲ ਨੇ ਆਪਣਾ ਖੂਨ ਦਿੱਤਾ, ਇਸ ਤੋਂ ਬਾਅਦ ਕਈ ਹੋਰ ਅਫਸਰ ਵੀ ਅੱਗੇ ਆਏ।
ਪੁਲਸ ਕਮਿਸ਼ਨਰ ਵੱਲੋਂ ਪੀੜਤਾ ਦੀ ਆਰਥਿਕ ਮਦਦ ਲਈ ਪੋਕਸੋ ਐਕਟ ਦੇ ਅਧੀਨ ਮਿਲਣ ਵਾਲੀ ਮਦਦ ਰਾਸ਼ੀ ਲਈ ਵੀ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ। ਪਹਿਲਾਂ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਪਰ ਜਦੋਂ ਬੱਚੀ ਦਾ ਖੂਨ ਬੰਦ ਨਾ ਹੋਇਆ ਤਾਂ ਪੁਲਸ ਕਮਿਸ਼ਨਰ ਨੇ ਖੁਦ ਹੋਰ ਅਧਿਕਾਰੀਆਂ ਨਾਲ ਗੱਲ ਕਰ ਕੇ ਬੱਚੀ ਨੂੰ ਇਲਾਜ ਲਈ ਸੀ.ਐੱਮ.ਸੀ. ‘ਚ ਦਾਖ਼ਲ ਕਰਵਾਇਆ ਅਤੇ ਉਨ੍ਹਾਂ ਦੀ ਆਰਥਿਕ ਮਦਦ ਕਰਦਿਆਂ ਇਲਾਜ ਕਰਨ ਦੀ ਗੱਲ ਕਹੀ ਤਾਂ ਕਿ ਦਰਿੰਦਗੀ ਦਾ ਸ਼ਿਕਾਰ ਹੋਈ ਨੰਨ੍ਹੀ ਬੱਚੀ ਦੀ ਜਾਨ ਨੂੰ ਬਚਾਇਆ ਜਾ ਸਕੇ।
ਸੀ.ਐੱਮ.ਸੀ. ਦੇ ਡਾਕਟਰਾਂ ਨੇ ਬੱਚੀ ਨੂੰ ਬਚਾਉਣ ਲਈ ਉਸ ਦਾ ਸ਼ੁੱਕਰਵਾਰ ਨੂੰ ਦੇਰ ਸ਼ਾਮ ਅਪਰੇਸ਼ਨ ਕੀਤਾ। ਇਸ ਦੌਰਾਨ ਬੱਚੀ ਨੂੰ ਖੂਨ ਦੀਆਂ 7 ਬੋਤਲਾਂ ਦੀ ਲੋੜ ਪਈ ਤਾਂ ਸਭ ਤੋਂ ਪਹਿਲਾਂ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਖੂਨ ਦਿੱਤਾ ਅਤੇ ਬਾਅਦ ‘ਚ ਹੋਰਨਾਂ ਪੁਲਸ ਮੁਲਾਜ਼ਮਾਂ ਨੇ ਖੂਨ ਦਿੱਤਾ। ਪੁਲਸ ਕਮਿਸ਼ਨਰ ਵੱਲੋਂ ਬੱਚੀ ਦੀ ਦੇਖਭਾਲ ਲਈ ਸਪੈਸ਼ਲ ਲੇਡੀਜ਼ ਸਟਾਫ਼ ਨੂੰ ਵੀ ਭੇਜਿਆ ਗਿਆ। ਅਫ਼ਸਰਾਂ ਦਾ ਕਹਿਣਾ ਹੈ ਕਿ ਪੁਲਸ ਕਮਿਸ਼ਨਰ ਖੁਦ ਇਸ ਸਬੰਧੀ ਲਗਾਤਾਰ ਅਪਡੇਟ ਲੈ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਧਰਾਵਾਂ ਲਗਾ ਕੇ ਪਰਚਾ ਦਰਜ ਕੀਤਾ ਗਿਆ ਹੈ। ਉਸ ਦਾ 2 ਦਿਨ ਦਾ ਰਿਮਾਂਡ ਮਿਲਿਆ ਸੀ। ਸ਼ਨੀਵਾਰ ਨੂੰ ਉਸ ਦਾ ਮੈਡੀਕਲ ਅਤੇ ਕੋਰੋਨਾ ਟੈਸਟ ਕਰਵਾ ਕੇ ਜੇਲ ਭੇਜ ਦਿੱਤਾ ਗਿਆ। ਮੁਲਜ਼ਮ ਖ਼ਿਲਾਫ਼ ਜਲਦ ਤੋਂ ਜਲਦ ਚਲਾਨ ਪੇਸ਼ ਕੀਤਾ ਜਾਵੇਗਾ ਅਤੇ ਕੇਸ ਨੂੰ ਫਾਸਟ ਟਰੈਕ ਅਦਾਲਤ ‘ਚ ਚਲਾਉਣ ਦੀ ਬੇਨਤੀ ਕੀਤੀ ਜਾਵੇਗੀ ਤਾਂ ਕਿ ਮੁਲਜ਼ਮ ਦੀ ਜਲਦ ਤੋਂ ਜਲਦ ਸਜ਼ਾ ਮਿਲ ਸਕੇ। ਮੁਨੀਸ਼ਾ ਗੁਲਾਟੀ, ਚੇਅਰਪਰਸਨ ਪੰਜਾਬ ਵੂਮੈਨ ਕਮਿਸ਼ਨ ਦਾ ਕਹਿਣਾ ਹੈ ਕਿ ਪੀੜਤ ਬੱਚੀ ਦੇ ਇਲਾਜ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਬੱਚੀ ਦਾ ਇਲਾਜ ਨਿੱਜੀ ਹਸਪਤਾਲ ‘ਚ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਸਰਕਾਰ ਤੋਂ ਮਿਲਣ ਵਾਲੀ ਮਦਦ ਦਿਵਾਉਣ ਲਈ ਵੀ ਉਹ ਲਿਖ ਕੇ ਭੇਜ ਰਹੀ ਹੈ।