businessmen hc clu all associations: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਜਾਰੀ ਕੀਤੇ ਜਾ ਰਹੇ ਸੀ.ਐੱਲ.ਯੂ ਦੇ ਨੋਟਿਸ ਤੇ ਸੀਲਿੰਗ ਦੀ ਕਾਰਵਾਈ ਅਤੇ ਕਮਰਸ਼ੀਅਲ ਐਲਾਨੀਆਂ ਸੜਕਾਂ ‘ਤੇ ਕਰਨ ਦੇ ਵਿਰੋਧ ‘ਚ ਹੁਣ ਕਾਰੋਬਾਰੀਆਂ ਵੱਲੋਂ ਲੀਗਲ ਐਕਸ਼ਨ ਲੈ ਕੇ ਇਸ ਕਾਰਵਾਈ ਨੂੰ ਬੰਦ ਕਰਵਾਉਣ ਦੀ ਠਾਣ ਲਈ ਹੈ। ਘੁਮਾਰਮੰਡੀ ਮਾਲ ਐਂਡ ਸ਼ਾਪਕੀਪਰਸ ਐਸੋਸੀਏਸ਼ਨ ਸਮੇਤ ਹੋਰ ਕਾਰੋਬਾਰੀ ਸੰਗਠਨ ਹੁਣ ਇਕਜੁੱਟ ਹੋ ਚੁੱਕੇ ਹਨ। ਇਨ੍ਹਾਂ ਦੇ ਸਮਰਥਨ ‘ਚ ਪੰਜਾਬ ਵਪਾਰ ਮੰਡਲ ਨੇ ਸਮਰਥਨ ਦੇ ਕੇ ਕਹਿ ਦਿੱਤਾ ਹੈ ਕਿ ਸਰਕਾਰ ਦੇ ਖਿਲਾਫ ਉਹ ਸਾਂਝੇ ਐਕਸ਼ਨ ਤਹਿਤ ਕਾਨੂੰਨੀ ਕਾਰਵਾਈ ਕਰਨਗੇ। ਇਸੇ ਤਹਿਤ ਵਪਾਰੀਆਂ ਨੇ ਵੀਰਵਾਰ ਨੂੰ ਕਾਨੂੰਨੀ ਕਾਰਵਾਈ ਲਈ ਐਡਵੋਕੇਟ ਹਰੀਸ਼ ਰਾਏ ਢਾਂਡਾ ਨਾਲ ਮੁਲਾਕਾਤ ਕਰਦੇ ਹੋਏ ਕਾਨੂੰਨੀ ਕਾਰਵਾਈ ਦੀ ਪਲਾਨਿੰਗ ਕੀਤੀ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਉਹ ਨਿਗਮ ਦੇ ਖਿਲਾਫ ਹਾਈਕੋਰਟ ਜਾਣਗੇ। ਪੰਜਾਬ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮੇਹਰਾ ਨੇ ਕਿਹਾ ਹੈ ਕਿ ਵਪਾਰੀਆਂ ਨਾਲ ਹੋਣ ਵਾਲੇ ਧੱਕੇਸ਼ਾਹੀ ਨੂੰ ਰੋਕਣ ਲਈ ਹਮੇਸ਼ਾ ਵਪਾਰੀਆਂ ਦੇ ਨਾਲ ਖੜ੍ਹੇ ਹਨ। ਘੁਮਾਰਮੰਡੀ ਦੀ ਐਸੋਸੀਏਸ਼ਨ ਜੋ ਵੀ ਸੰਘਰਸ਼ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦਾ ਐਕਸ਼ਨ ਪਲਾਨ ਤਿਆਰ ਕਰੇਗੀ, ਉਸ ਦਾ ਪੰਜਾਬ ਵਪਾਰ ਮੰਡਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਦੂਜੇ ਪਾਸੇ ਘੁਮਾਰ ਮੰਡੀ ‘ਚ ਐਸੋਸੀਏਸ਼ਨ ਵੱਲੋਂ ਕਾਨੂੰਨੀ ਕਾਰਵਾਈ ਦੇ ਸਬੰਧ ‘ਚ ਦੇਰ ਰਾਤ ਤੱਕ ਮੀਟਿੰਗ ਜਾਰੀ ਰੱਖੀ ਗਈ ਸੀ। ਐਸੋਸੀਏਸ਼ਨ ਦੇ ਕੋਆਰਡੀਨੇਟਰ ਸੰਦੀਪ ਵਧਵਾ ਨੇ ਦੱਸਿਆ ਹੈ ਕਿ ਐਡਵੋਕੇਟ ਨਾਲ ਐਸੋਸੀਏਸ਼ਨ ਦੀ ਮੁਲਾਕਾਤ ਹੋਈ ਹੈ ਅਤੇ ਸਾਰੇ ਵਪਾਰੀਆਂ ਵੱਲੋਂ ਇਸ ਸਬੰਧੀ ਡਾਕੂਮੈਂਟ ਸ਼ੁੱਕਰਵਾਰ ਨੂੰ ਜਮ੍ਹਾ ਕਰਵਾਏ ਜਾਣਗੇ।