Cabinet Minister Civil Hospital DMC: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲੇ ਦੇ ਸਿਵਲ ਹਸਪਤਾਲ ਅਤੇ ਦਯਾਨੰਦ ਮੈਡੀਕਲ ਕਾਲਜ (ਡੀ.ਐਮ.ਸੀ.) ਹਸਪਤਾਲ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅਚਾਨਕ ਹਸਪਤਾਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਮੇਅਰ ਬਲਕਾਰ ਸਿੰਘ ਸੰਧੂ ਵੀ ਪਹੁੰਚੇ। ਹਸਪਤਾਲ ਦਾ ਦੌਰਾ ਕਰਨ ਦੌਰਾਨ ਉਨ੍ਹਾਂ ਨੇ ਹਸਪਤਾਲਾਂ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ।ਦੱਸ ਦੇਈਏ ਕਿ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨ ਸਮੇਤ ਹੋਰ ਆਗੂ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਅਤੇ ਦਯਾਨੰਦ ਮੈਡੀਕਲ ਕਾਲਜ (ਡੀ.ਐਮ.ਸੀ.) ਹਸਪਤਾਲ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਕਿ ਸੂਬਾ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਚਿੰਤਤ ਹੈ ਅਤੇ ਜਾਗਰੂਕਤਾ ਪੈਦਾ ਕਰਕੇ ਕੋਵਿਡ-19 ਮਹਾਮਾਰੀ ਦੇ ਫੈਲਣ ਨੂੰ ਰੋਕਣ ਲਈ ਸਾਰੇ ਯਤਨ ਕਰ ਰਹੀ ਹੈ ਅਤੇ ਨਾਲ ਹੀ ਸ਼ੁਰੂਆਤੀ ਪੜਾਅ ‘ਤੇ ਮਰੀਜ਼ਾਂ ਦੀ ਪਛਾਣ ਕਰਕੇ ਲੋੜੀਂਦਾ ਇਲਾਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਹਸਪਤਾਲ ‘ਚ ਸਵੱਛਤਾ ਨੂੰ ਯਕੀਨੀ ਬਣਾਉਣ ਅਤੇ ਮਰੀਜ਼ਾਂ ਨੂੰ ਸਵੱਛ ਭੋਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਧੀਆ ਇਲਾਜ ਦੇਣ।
ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਨੋਡਲ ਅਫ਼ਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ ਵੱਲੋ ਕੈਬਨਿਟ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਇਲਾਜ ਲਈ 150 ਬੈਡ ਲੈਵਲ -2 ਉਪਲਬਧ ਹਨ, ਜਿਨ੍ਹਾਂ ‘ਚੋਂ 28 ਬੈਡ ਲੈਵਲ-2 ਦੀ ਸਹੂਲਤ ਤੋਂ ਵੀ ਜ਼ਿਆਦਾ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਿਵਲ ਹਸਪਤਾਲ ਵਿਖੇ 68 ਕੋਵਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ‘ਚੋਂ 31 ਮਰੀਜ਼ ਆਕਸੀਜਨ ‘ਤੇ ਹਨ ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ।
ਕੈਬਨਿਟ ਮੰਤਰੀ ਨੇ ਡੀ.ਐਮ.ਸੀ. ਹਸਪਤਾਲ ਦਾ ਦੌਰਾ ਵੀ ਕੀਤਾ, ਜਿਥੇ ਡਾ: ਬਿਸ਼ਵ ਮੋਹਨ, ਡਾ ਸੰਦੀਪ ਪੁਰੀ ਅਤੇ ਡਾ ਰਾਜੇਸ਼ ਮਹਾਜਨ ਨੇ ਦੱਸਿਆ ਕਿ ਇਸ ਸਮੇਂ 241 ਕੋਵਿਡ ਮਰੀਜ਼ ਦਾਖਲ ਹਨ, ਜਿਨ੍ਹਾਂ ‘ਚ 144 ਲੈਵਲ-3, 84 ਲੈਵਲ-2 ਅਤੇ 13 ਲੈਵਲ-1 ਦੇ ਮਰੀਜ਼ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਡੀ.ਐਮ.ਸੀ. ਇਕੱਲੀ ਅਜਿਹੀ ਸੰਸਥਾ ਹੈ, ਜੋ ਸਰਕਾਰ ਦੁਆਰਾ ਨਿਰਧਾਰਤ ਰੇਟਾਂ ਅਨੁਸਾਰ ਮਰੀਜ਼ਾਂ ਦਾ ਇਲਾਜ਼ ਕਰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੀ.ਐਮ.ਸੀ. ਹਸਪਤਾਲ ‘ਚ ਕੋਵਿਡ ਅਤੇ ਨਾਨ-ਕੋਵੀਡ ਮਰੀਜ਼ਾਂ ਲਈ ਵੱਖਰੇ ਵਾਰਡ ਹਨ। ਇਸ ਤੋਂ ਬਾਅਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸਿਵਲ ਹਸਪਤਾਲ ਅਤੇ ਡੀ.ਐਮ.ਸੀ. ਹਸਪਤਾਲ ‘ਚ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਗਈ।