Case ClosureGarbage Processing Plant: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਡੋਰ-ਟੂ-ਡੋਰ ਕੂੜਾ ਚੁੱਕਣ ਤੋਂ ਬਾਅਦ ਇਸ ਦੀ ਪ੍ਰੋਸੈਸਿੰਗ ਦਾ ਠੇਕਾ ਨਿਗਮ ਨੇ ‘ਏ ਟੂ ਜੈੱਡ ਵੇਸਟ ਮੈਨੇਜਮੈਂਟ’ ਕੰਪਨੀ ਨੂੰ ਦਿੱਤਾ ਪਰ ਕੰਪਨੀ ਦੁਆਰਾ ਮਾਪਦੰਡਾਂ ਮੁਤਾਬਕ ਪਲਾਂਟ ਨਾ ਚਲਾਉਣ ‘ਤੇ ਪੀ.ਪੀ.ਸੀ.ਬੀ ਨੇ ਕੰਸੈਂਟ ਟੂ ਆਪਰੇਟ ਰੱਦ ਕਰ ਦਿੱਤੀ ਹੈ। ਹੁਣ ਦੋਬਾਰਾ ਕੰਸੈਂਟ ਟੂ ਆਪਰੇਟ ਕੰਪਨੀ ਨੂੰ ਦੇਣ ਤੋਂ ਪਹਿਲਾਂ ਪੀ.ਪੀ.ਸੀ.ਬੀ ਨੇ ਸ਼ਰਤ ਲਾਈ ਹੈ ਕਿ ਕੰਪਨੀ ਅੰਡਰਟੇਕਿੰਗ ਦੇਵੇ ਕਿ 100 ਫੀਸਦੀ ਪਲਾਂਟ ਚਲਾਏਗੀ ਪਰ ਇਹ ਸ਼ਰਤ ਕੰਪਨੀ ਨੇ ਪੂਰੀ ਨਹੀਂ ਕੀਤੀ ਹੈ। ਕੰਪਨੀ ਨੇ ਪੀ.ਪੀ.ਸੀ.ਬੀ ਦੇ ਕੋਲ ਸੋਮਵਾਰ ਨੂੰ ਦਸਤਾਵੇਜ ਜਮਾ ਕਰਵਾਏ ਪਰ ਅੰਡਰਟੇਕਿੰਗ ਨਹੀਂ ਮਿਲੀ। ਇਸ ਸਬੰਧੀ ਪੀ.ਪੀ.ਸੀ.ਬੀ ਨੇ ਨਿਗਮ ਨੂੰ ਚਿੱਠੀ ਜਾਰੀ ਕਰ ਕੇ ਦੱਸਿਆ ਹੈ ਕਿ ਕੰਪਨੀ ਨੇ ਪਿਛਲੀ ਮੀਟਿੰਗ ਜੋ ਗੱਲ ਸਵੀਕਾਰੀ ਸੀ, ਉਸ ‘ਤੇ ਖਰੀ ਨਹੀਂ ਉਤਰੀ ਹੈ।
ਪੀ.ਪੀ.ਸੀ.ਬੀ ਦੇ ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਨ ਨੇ ਸਪੱਸ਼ਟ ਕੀਤਾ ਹੈ ਕਿ ਪੀ.ਪੀ.ਸੀ.ਬੀ ਹੁਣ ਵੀ ਇਸੇ ਗੱਲ ‘ਤੇ ਅੜੀ ਹੈ, ਜੋ ਪਿਛਲੇ ਦਿਨਾਂ ਦੌਰਾਨ ਨਗਰ ਕਮਿਸ਼ਨਰ ਅਤੇ ਮੇਅਰ ਸੰਧੂ ਦੇ ਸਾਹਮਣੇ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਜੇਕਰ ਕੰਪਨੀ 100 ਫੀਸਦੀ ਪ੍ਰੋਸੈਸਿੰਗ ਦੇ ਲਈ ਅੰਡਰਟੇਕਿੰਗ ਦੇਵੇਗੀ ਤਾਂ 48 ਘੰਟਿਆਂ ‘ਚ ਕੰਸੈਂਟ ਟੂ ਆਪਰੇਟ ਜਾਰੀ ਹੋਵੇਗੀ। ਕੰਪਨੀ ਨੇ 2 ਦਸਤਾਵੇਜ ਤਾਂ ਦਾਇਰ ਕੀਤੇ ਪਰ ਜੋ ਕਿਹਾ ਗਿਆ ਸੀ ਉਹ ਡਾਕੂਮੈਂਟ ਜਮ੍ਹਾਂ ਨਹੀਂ ਕਰਵਾਏ ਹਨ। ਅਜਿਹੇ ‘ਚ ਬਿਨਾਂ ਸਰਕਾਰੀ ਫੀਸ ਅਤੇ ਅੰਡਰਟੇਕਿੰਗ ਦੇ ਬਿਨ੍ਹਾਂ ਉਹ ਐੱਨ.ਓ.ਸੀ ਨਹੀਂ ਜਾਰੀ ਕਰ ਸਕਦੇ।