case filed girls photo instagram: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਸਾਈਬਰ ਕ੍ਰਾਈਮ ਦੀਆਂ ਵਾਰਦਾਤਾਂ ਉਪਰ ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਟੀਮ ਅਤੇ ਫਾਰੈਂਸਿਕ ਟੀਮ ਲਗਾਤਾਰ ਨਜ਼ਰ ਰੱਖ ਰਹੀ ਹੈ। ਤਫਤੀਸ਼ ਤੋਂ ਬਾਅਦ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕੀਤਾ, ਜੋ ਸ਼ਹਿਰ ਦੀ ਰਹਿਣ ਵਾਲੀ ਇਕ ਲੜਕੀ ਨੂੰ ਇੰਸਟਾਗ੍ਰਾਮ ਉਪਰ ਇਤਰਾਜ਼ਯੋਗ ਸੁਨੇਹੇ ਭੇਜ ਰਿਹਾ ਸੀ। ਮੁਲਜ਼ਮ ਲੜਕੀ ਨੂੰ ਲਗਾਤਾਰ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਵੀ ਦੇ ਰਿਹਾ ਸੀ। ਉਸ ਨੇ ਇੰਸਟਾਗ੍ਰਾਮ ਅਕਾਊਂਟ ਉੱਪਰ ਲੜਕੀ ਦੀ ਪ੍ਰੋਫਾਈਲ ਫੋਟੋ ਵੀ ਲਗਾ ਦਿੱਤੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਅਤੇ ਸਾਈਬਰ ਸੈੱਲ ਦੀ ਟੀਮ ਨੇ ਸਾਂਝੇ ਤੌਰ ਤੇ ਤਫਤੀਸ਼ ਸ਼ੁਰੂ ਕੀਤੀ। ਤਫਤੀਸ਼ ਦੇ ਦੌਰਾਨ ਪੁਲਿਸ ਨੇ ਪਾਇਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਮਿਲਰਗੰਜ ਸਥਿਤ ਧੂਰੀ ਲਾਈਨ ਕਬੀਰ ਬਸਤੀ ਫਾਟਕ ਨੰਬਰ 2 ਦਾ ਰਹਿਣ ਵਾਲਾ ਰਾਕੇਸ਼ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਰਾਕੇਸ਼ ਦੇ ਖਿਲਾਫ ਥਾਣਾ ਸਦਰ ਵਿਚ ਮੁਕੱਦਮਾ ਦਰਜ ਕੀਤਾ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਕਮਿਸ਼ਨਰ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਆਪਣੀ ਨਿਜੀ ਜਾਣਕਾਰੀ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕੀਤੀ ਜਾਵੇ। ਅਜਿਹੀ ਘਟਨਾ ਦਾ ਖ਼ਦਸ਼ਾ ਹੁੰਦੇ ਹੀ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਇਹ ਵੀ ਦੇਖੋ–