chand cinema bridge unsafe: ਲੁਧਿਆਣਾ (ਤਰਸੇਮ ਭਾਰਦਵਾਜ)- ਚਾਂਦ ਸਿਨੇਮਾ ਨਜ਼ਦੀਕ ਬੁੱਢੇ ਨਾਲੇ ‘ਤੇ ਆਜ਼ਾਦੀ ਤੋਂ ਲਗਭਗ 30 ਸਾਲ ਪਹਿਲਾ ਬਣਾਇਆ ਪੁੱਲ ਨੂੰ ਲੋਕ ਨਿਰਮਾਣ ਵਿਭਾਗ ਵਲੋਂ 10 ਸਾਲ ਪਹਿਲਾਂ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ । ਪੁੱਲ ਦੀ ਛੱਤ ਤੋਂ ਇੱਟਾਂ ਡਿੱਗ ਰਹੀਆਂ ਹਨ ਤੇ ਦੀਵਾਰਾਂ ‘ਤੇ ਦਰੱਖਤ ਹਨ, ਨਾਜ਼ੁਕ ਹਾਲਤ ਕਾਰਨ ਪੁੱਲ ਕਿਸੇ ਸਮੇਂ ਵੀ ਡਿੱਗ ਸਕਦਾ ਹੈ ਤੇ ਜਾਨੀ ਮਾਲੀ ਨੁਕਸਾਨ ਹੋ ਜਾਵੇਗਾ ਪਰ ਨਗਰ ਨਿਗਮ ਅਧਿਕਾਰੀ ਪੁੱਲ ਦੇ ਨਵਨਿਰਮਾਣ ਲਈ ਪ੍ਰੋਜੈਕਟ ਫਾਈਨਲ ਨਹੀਂ ਕਰ ਸਕੇ।ਗਿੱਲ ਚੌਕ ‘ਤੇ ਬਣੇ ਫਲਾਈਓਵਰ ਦੀ 3 ਸਾਲ ਪਹਿਲਾਂ ਸੁਰੱਖਿਆ ਦੀਵਾਰ ਟੁੱਟਣ ਅਤੇ ਸਲਾਈਡ ਖਿਸਕਣ ਸਮੇਂ ਡਿਪਟੀ ਕਮਿਸ਼ਨਰ ਵਲੋਂ ਚਾਂਦ ਸਿਨੇਮਾ ਪੁੱਲ ‘ਤੇ ਆਵਾਜਾਈ ਬੰਦ ਕਰਨ ਲਈ ਰੋਕਾਂ ਲਗਾ ਦਿੱਤੀਆਂ ਸਨ, ਜਿਨ੍ਹਾਂ ਨੂੰ ਹਟਾਕੇ ਮੁੜ ਆਵਾਜਾਈ ਸ਼ੁਰੂ ਕਰ ਦਿੱਤੀ ਹੈ।ਦਿਨ ਤੇ ਰਾਤ ਸਮੇਂ ਪੁੱਲ ਦੇ ਉਪਰੋਂ-ਥੱਲਿਉਂ ਵਾਹਨ ਗੁਜ਼ਰਦੇ ਹਨ।
ਨਗਰ ਨਿਗਮ ਬੀ ਐਡ ਆਰ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ 5-6 ਸਾਲ ਪੁਰਾਣੇ ਪੁੱਲ ਦੇ ਨਾਲ ਚਾਂਦ ਸਿਨੇਮਾ ਵੱਲ ਨਵਾਂ ਪੁੱਲ ਬਣਾ ਦਿੱਤਾ ਗਿਆ ਸੀ ਤਾਂ ਜੋ ਲੋਕ ਅਸੁਰੱਖਿਅਤ ਕਰਾਰ ਦਿੱਤੇ ਜਾ ਚੁੱਕੇ ਪੁੱਲ ਦੀ ਵਰਤੋਂ ਨਾ ਕਰਨ। ਉਨ੍ਹਾਂ ਦੱਸਿਆ ਕਿ ਪੁਰਾਣਾ ਪੁੱਲ ਢਾਹ ਕੇ ਨਵਾਂ ਬਣਾਉਣ ਲਈ ਕਈ ਸਾਲ ਪਹਿਲਾਂ ਕਾਰਵਾਈ ਆਰੰਭੀ ਗਈ ਸੀ ਪਰ ਫਾਈਲ ਇਕ ਵਿਭਾਗ ਤੋਂ ਦੂਸਰੇ ਵਿਭਾਗ ਦੇ ਅਧਿਕਾਰੀ ਦੀ ਟੇਬਲ ਤੱਕ ਆਉਣ ਜਾਣ ‘ਚ ਰੁੱਝੀ ਹੋਈ ਹੈ, ਅਮਲੀ ਤੌਰ ‘ਤੇ ਕੁੱਝ ਨਹੀਂ ਹੋ ਰਿਹਾ ।
ਪੰਜਾਬ ਵਪਾਰ ਮੰਡਲ ਲੁਧਿਆਣਾ ਯੁਨਿਟ ਦੇ ਪ੍ਰਧਾਨ ਅਰਵਿੰਦਰ ਸਿੰਘ ਮੱਕੜ ਅਤੇ ਲੁਧਿਆਣਾ ਆਲ ਟਰੇਡ ਦੇ ਸੀਨੀਅਰ ਅਹੁਦੇਦਾਰ ਮਨਪ੍ਰੀਤ ਸਿੰਘ ਬੰਟੀ ਨੇ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਪ੍ਰਸ਼ਾਸਨ ਨੂੰ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਅਧਿਕਾਰੀ ਕੁੰਭਕਰਨੀ ਨੀਂਦ ਤੋਂ ਜਾਗਣਗੇ ਤੇ ਘਟਨਾ ਲਈ ਇਕ ਦੂਸਰੇ ਜਾਂ ਚੂਹਿਆਂ ਨੂੰ ਜ਼ਿੰਮੇਵਾਰ ਕਰਾਰ ਦੇ ਕੇ ਆਪਣੀ ‘ਕਾਬਲੀਅਤ’ ਦਿਖਾਉਣਗੇ। ਇਨ੍ਹਾਂ ਆਗੂਆਂ ਰਾਜ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਂਦ ਸਿਨੇਮਾ ਨਜਦੀਕ ਬੁੱਢੇ ਨਾਲੇ ‘ਤੇ ਬਣਿਆ ਪੁੱਲ ਅਸੁਰੱਖਿਅਤ ਹੋਣ ਕਾਰਨ ਜਲਦੀ ਢਾਹਕੇ ਨਵਾਂ ਬਣਾਇਆ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ।