civil hospital SMO Statement: ਲੁਧਿਆਣਾ (ਤਰਸੇਮ ਭਾਰਦਵਾਜ)- ਆਪਣੇ ਕਾਰਨਾਮਿਆਂ ਨੂੰ ਲੈ ਕੇ ਨਿੱਤ ਦਿਨ ਸਿਵਲ ਹਸਪਤਾਲ ਸੁਰਖੀਆਂ ‘ਚ ਰਹਿੰਦੇ ਹਨ, ਉੱਥੇ ਹੀ ਹਸਪਤਾਲਾਂ ‘ਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕ ਵੀ ਡਾਕਟਰਾਂ ‘ਤੇ ਕਈ ਦੋਸ਼ ਮੜ ਰਹੇ ਹਨ, ਜਿਸ ਕਾਰਨ ਉਹ ਸਰਕਾਰੀ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ‘ਚ ਮਹਿੰਗਾ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਹੁਣ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਸਾਹਮਣੇ ਆਇਆ ਸੀ ਜਿੱਥੇ ਜਣੇਪੇ ਦੌਰਾਨ ਡਾਕਟਰਾਂ ਨੇ ਔਰਤ ਦੇ ਢਿੱਡ ‘ਚ ਡੇਢ ਫੁੱਟ ਦਾ ਤੌਲਿਆ ਛੱਡ ਦਿੱਤਾ ਸੀ, ਜਦੋਂ ਡਾਕਟਰਾਂ ਦੀ ਅਣਗਹਿਲੀ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ‘ਚ ਕੌਣ ਕੌਣ ਸ਼ਾਮਿਲ ਹਨ, ਉਨ੍ਹਾਂ ਦੀ ਜਾਂਚ ਲਈ ਕਮੇਟੀ ਵੀ ਬਣਾਈ ਗਈ ਹੈ। ਇਸ ਦੇ ਨਾਲ ਹੀ ਅੱਜ ਪੀੜਤ ਪਰਿਵਾਰ ਨੂੰ ਮਿਲਣ ਦਾ ਸਮਾਂ ਦਿੱਤਾ ਸੀ ਪਰ ਹਾਲੇ ਤਕ ਪਰਿਵਾਰ ਉਨ੍ਹਾਂ ਕੋਲ ਨਹੀਂ ਆਇਆ।
ਜਾਣੋ ਪੂਰਾ ਮਾਮਲਾ- ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਆਸ਼ਾ ਕੌਰ ਗਰਭਵਤੀ ਸੀ। ਉਸ ਦਾ ਇਲਾਜ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ਤੋਂ ਚੱਲ ਰਿਹਾ ਸੀ। ਉਸ ਨੇ ਪਤਨੀ ਨੂੰ 7 ਦਸੰਬਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਪਹਿਲਾਂ ਤਾਂ ਡਾਕਟਰ ਕਹਿਣ ਲੱਗੇ ਕਿ ਨਾਰਮਲ ਹੀ ਡਿਲਿਵਰੀ ਹੋ ਜਾਵੇਗੀ ਪਰ ਅਗਲੇ ਦਿਨ ਕਹਿਣ ਲੱਗੇ ਕਿ ਵੱਡਾ ਆਪਰੇਸ਼ਨ ਕਰਨਾ ਪਵੇਗਾ। 8 ਦਸੰਬਰ ਨੂੰ ਡਾਕਟਰਾਂ ਨੇ ਉਸ ਦੀ ਪਤਨੀ ਦਾ ਆਪਰੇਸ਼ਨ ਕੀਤਾ ਤਾਂ ਉਸ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ। ਉਸੇ ਦਿਨ ਸ਼ਾਮ ਨੂੰ ਉਸ ਦੀ ਪਤਨੀ ਦੇ ਢਿੱਡ ‘ਚ ਸੋਜ ਆ ਗਈ ਅਤੇ ਉਸ ਦੇ ਦਰਦ ਹੋਣ ਲੱਗਾ। ਉਨ੍ਹਾਂ ਨੇ ਸਟਾਫ਼ ਨੂੰ ਕਿਹਾ ਵੀ ਕਿ ਉਸ ਦੀ ਪਤਨੀ ਦੇ ਢਿੱਡ ’ਚ ਦਰਦ ਹੈ ਤਾਂ ਸਟਾਫ਼ ਨੇ ਕਿਹਾ ਕਿ ਅਕਸਰ ਗੈਸ ਕਾਰਨ ਦਰਦ ਹੁੰਦਾ ਹੈ। ਸਟਾਫ਼ ਨੇ ਉਨ੍ਹਾਂ ਤੋਂ ਦਰਦ ਦਾ ਟੀਕਾ ਮੰਗਵਾਇਆ ਅਤੇ ਲਗਾ ਦਿੱਤਾ। ਟੀਕੇ ਦਾ ਅਸਰ ਰਹਿਣ ਤੱਕ ਉਸ ਦੀ ਪਤਨੀ ਠੀਕ ਰਹੀ ਪਰ ਫਿਰ ਦਰਦ ਸ਼ੁਰੂ ਹੋ ਗਿਆ।
ਜਦੋਂ ਉਸ ਦੀ ਪਤਨੀ ਦੀ ਹਾਲਤ ਵਿਗੜਨ ਲੱਗੀ ਤਾਂ ਡਾਕਟਰ ਉਸ ਨੂੰ ਪਟਿਆਲਾ ਸਥਿਤ ਰਾਜਿੰਦਰਾ ਹਸਪਤਾਲ ਰੈਫਰ ਕਰਨ ਲੱਗੇ ਸੀ ਪਰ ਉਨ੍ਹਾਂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਿੱਜੀ ਹਸਪਤਾਲ ਰੈਫਰ ਕਰਨ ਲਈ ਕਿਹਾ ਪਰ ਡਾਕਟਰਾਂ ਨੇ ਬਾਹਰ ਰੈਫਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਦ ਉਨ੍ਹਾਂ ਨੇ ਆਪਣੇ ਰਿਸਕ ’ਤੇ ਲਿਜਾਣ ਨੂੰ ਲਿਖ ਕੇ ਦਿੱਤਾ ਤਾਂ ਉਨ੍ਹਾਂ ਨੇ ਜਾਣ ਦਿੱਤਾ। ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਤਨੀ ਆਸ਼ਾ ਕੌਰ ਨੂੰ 11 ਦਸੰਬਰ ਨੂੰ ਸੀ.ਐੱਮ.ਸੀ. ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਸਕੈਨ ਅਤੇ ਅਲਟਰਾ ਸਾਊਂਡ ਕੀਤਾ, ਜਿਸ ਨਾਲ ਉਨ੍ਹਾਂ ਨੂੰ ਲੱਗਾ ਕਿ ਢਿੱਡ ਅੰਦਰ ਕੁਝ ਹੈ। ਇਸ ਤੋਂ ਬਾਅਦ 12 ਦਸੰਬਰ ਦੁਪਹਿਰ ਨੂੰ ਡਾਕਟਰਾਂ ਨੇ ਮੁੜ ਆਪਰੇਸ਼ਨ ਕੀਤਾ। ਉਸ ਦੌਰਾਨ ਉਸ ਦੀ ਪਤਨੀ ਦੇ ਢਿੱਡ ’ਚੋਂ ਡੇਢ ਫੁੱਟ ਲੰਬਾ ਤੌਲੀਆ ਨਿਕਲਿਆ, ਜੋ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਉਸ ਦੀ ਪਤਨੀ ਦੇ ਢਿੱਡ ’ਚ ਛੱਡ ਦਿੱਤਾ ਸੀ। ਜਿਸ ਕਾਰਨ ਉਸ ਦੀ ਪਤਨੀ ਦੇ ਢਿੱਡ ’ਚ ਇੰਫੈਕਸ਼ਨ ਹੋ ਗਈ, ਹੁਣ ਉਸ ਦੀ ਪਤਨੀ ਅਤੇ ਪੁੱਤਰ ਸੀ.ਐੱਮ.ਸੀ. ਹਸਪਤਾਲ ’ਚ ਦਾਖ਼ਲ ਹੈ।ਅਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਇਸ ਬਾਰੇ ਆਪਣੇ ਦੋਸਤ ਸ਼ਿਵ ਸੈਨਾ (ਮਹਾਸੰਗ੍ਰਾਮ) ਦੇ ਪ੍ਰਧਾਨ ਅਵਤਾਰ ਸਿੰਘ ਨੂੰ ਦੱਸਿਆ। ਇਸ ਤੋਂ ਬਾਅਦ ਐਤਵਾਰ ਨੂੰ ਉਹ ਇਕੱਠੇ ਹੋ ਕੇ ਸਿਵਲ ਹਸਪਤਾਲ ਡਾਕਟਰ ਨਾਲ ਗੱਲ ਕਰਨ ਪੁੱਜੇ ਪਰ ਉੱਥੇ ਕੋਈ ਨਹੀਂ ਮਿਲਿਆ।
ਇਹ ਵੀ ਦੇਖੋ–